ਸਰਦੂਲਗੜ੍ਹ, 30 ਜਨਵਰੀ (ਜੀ.ਐਮ. ਅਰੋੜਾ)- ਪੰਜਾਬ ਸਰਕਾਰ ਵਲੋਂ 1 ਤੋਂ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਤਹਿਤ ਸਥਾਨਕ ਟਰੱਕ ਯੂਨੀਅਨ ਵਿਖੇ ਡਰਾਈਵਰਾਂ ਦੀਆਂ ਅੱਖਾਂ ਸਬੰਧੀ ਜਾਂਚ ਕੈਂਪ ਲਗਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਕਿਹਾ ਕਿ ਧੁੰਦ ਦੇ ਮੌਸਮ ਨੂੰ ਦੇਖਦਿਆਂ ਟਰੱਕ ਡਰਾਈਵਰ ਦੀ ਦਿ੍ਸ਼ਟੀ ਅਤੇ ਸਿਹਤ ਵਿਸ਼ੇਸ਼ ਮਹੱਤਵਪੂਰਨ ਹੈ | ਇਸ ਲਈ ਟਰੱਕ ਡਰਾਈਵਰਾਂ ਨੂੰ ਸਮੇਂ ਸਿਰ ਮਾਹਿਰ ਡਾਕਟਰ ਕੋਲ ਅੱਖਾਂ ਅਤੇ ਸਰੀਰਕ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ | ਟਰੱਕ ਚਾਲਕਾਂ ਨੂੰ ਟਰੈਫ਼ਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਸਤਪਾਲ ਸਿੰਘ ਹੈੱਡ ਕਾਂਸਟੇਬਲ ਟਰੈਫ਼ਿਕ ਐਜੂਕੇਸ਼ਨ ਸੈੱਲ ਮਾਨਸਾ ਵਲੋਂ ਜਾਗਰੂਕ ਕਰਦਿਆਂ ਕਿਹਾ ਕਿ ਆਵਾਜਾਈ ਦੇ ਨਿਯਮਾਂ ਸਬੰਧੀ ਹਰ ਵਿਅਕਤੀ ਨੂੰ ਜਾਣਕਾਰੀ ਹੋਣੀ ਲਾਜ਼ਮੀ ਹੈ ਤਾਂ ਜੋ ਕਿਸੇ ਵੀ ਅਣਗਹਿਲੀ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਕੈਂਪ ਦੌਰਾਨ ਅਪਥਾਲਮਿਕ ਅਫ਼ਸਰ ਡਾ. ਅਭਿਸ਼ੇਕ ਗਰਗ ਵਲੋਂ ਟਰੱਕ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਤਿਰਲੋਕ ਸਿੰਘ, ਸਿਹਤ ਸੁਪਰਵਾਈਜ਼ਰ ਨਿਰਮਲ ਸਿੰਘ ਫੱਤਾ ਮਾਲੋਕਾ, ਫਾਰਮੇਸੀ ਅਫ਼ਸਰ ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਚੈਨੇਵਾਲਾ ਪ੍ਰਧਾਨ ਟਰੱਕ ਯੂਨੀਅਨ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭੁਪਿੰਦਰ ਸਿੰਘ, ਮੀਤ ਪ੍ਰਧਾਨ ਗੁਰਤੇਜ ਸਿੰਘ, ਹੈੱਡ ਮੁਨਸ਼ੀ ਸਤਨਾਮ ਸਿੰਘ, ਮੁਨਸ਼ੀ ਸ਼ਵਿੰਦਰ ਸੋਨੀ, ਜਗਤਾਰ ਸਿੰਘ ਆਦਿ ਹਾਜ਼ਰ ਸਨ |