ਤਰਨ ਤਾਰਨ, 30 ਜਨਵਰੀ (ਹਰਿੰਦਰ ਸਿੰਘ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਦਿੱਤੇ ਬਿਆਨ ਦੀ ਹੀ ਨਿਰਪਖ ਪੜ੍ਹਤਾਲ ਦੇ ਨਾਲ-ਨਾਲ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤੇ 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਅੱਜ ਤੱਕ ਹੋਏ ਸਾਰੇ ਬੰਬ ਧਮਾਕਿਆਂ ਦੀ ਪੜ੍ਹਤਾਲ ਹੋਣੀ ਚਾਹੀਦੀ ਹੈ, ਤਾਂ ਜੋ ਸਿੱਖੀ ਦੀਆਂ ਦੁਸ਼ਮਣ ਧਿਰਾਂ ਨੰਗੀਆਂ ਹੋ ਸਕਣ | ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਨਾਮ ਸਿੰਘ ਮਾਣਕ, ਬਾਬਾ ਦਰਸ਼ਨ ਸਿੰਘ, ਜਸਬੀਰ ਸਿੰਘ ਨੌਸ਼ਹਿਰਾ ਪੰਨੂੰਆਂ, ਗੁਰਜੀਤ ਸਿੰਘ ਤਰਸਿੱਕਾ, ਦਲਬੀਰ ਸਿੰਘ ਭੀਲੋਵਾਲ, ਸੁਖਵਿੰਦਰ ਸਿੰਘ ਤਰਨ ਤਾਰਨ, ਹਰਮਨਦੀਪ ਸਿੰਘ ਸਰਹਾਲੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਸਿੱਖਾਂ ਦੀ ਕੁਲਨਾਸ਼ ਉੱਪਰ ਪਰਦਾ ਪੋਸ਼ੀ ਕਰਕੇ ਦੋਸ਼ੀਆਂ ਦੇ ਹੱਕ ਵਿੱਚ ਨਾ ਖਲੋਵੇ, ਸਗੋਂ ਨਿਰਪਖ ਪੜ੍ਹਤਾਲ ਦਾ ਐਲਾਨ ਕਰੇ ਕਿ ਕਿਵੇਂ ਪੰਜਾਬ ਅੰਦਰ ਪਿਛਲੇ ਸਮੇਂ ਵਿੱਚ 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕਰਕੇ ਉਨ੍ਹਾਂ ਦੀਆਂ ਮਿ੍ਤਕ ਦੇਹਾਂ ਵੀ ਵਾਰਸਾਂ ਨੂੰ ਨਾ ਦਿੱਤੀਆਂ | ਉਹ ਪੜ੍ਹਤਾਲ ਕਰਾਵੇ ਬੀਬੀ ਭੱਠਲ ਦੇ ਬਿਆਨ ਦੀ ਅਤੇ ਕਾਂਗਰਸੀ ਐਮ.ਪੀ. ਉਮਰਾਓ ਸਿੰਘ ਦੇ ਸਿੱਖ ਵਿਰੋਧੀ ਬਿਆਨਾਂ ਦੀ ਭਗਵੰਤ ਮਾਨ ਸਰਕਾਰ ਪੜ੍ਹਤਾਲ ਕਰਾਵੇ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ, ਜਿਸ ਵਿਚ ਉਸ ਨੇ ਕਿਹਾ ਹੈ ਕਿ ਉਸ ਨੇ 21 ਸਿੱਖ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਏ ਜੋ ਝੂਠੇ ਮੁਕਾਬਲਿਆਂ ਵਿਚ ਖਤਮ ਕਰ ਦਿੱਤੇ ਗਏ, ਦੀ ਵੀ ਪੜਤਾਲ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਾਬਕਾ ਪੁਲਿਸ ਮੁੱਖੀਆ ਕੇ.ਪੀ.ਐਸ. ਗਿੱਲ ਤੇ ਐਮ.ਐਸ. ਵਿਰਕ ਦੇ ਬਿਆਨਾਂ ਦੀ ਵੀ ਜਾਂਚ ਹੋਣੀ ਚਾਹੀਦੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਕਈ ਗੈਰ ਕਾਨੂੰਨੀ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਅਜੇ ਵੀ 300 ਤੋਂ ਉੱਪਰ ਕੈਟ ਉਨ੍ਹਾਂ ਦੇ ਕੰਟਰੋਲ ਵਿਚ ਹੈ | ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਵੀ ਭਗਵੰਤ ਮਾਨ ਸਰਕਾਰ ਝੂਠੇ ਮੁਕਾਬਲਿਆਂ ਦੇ ਸਹਾਰੇ ਚੱਲ ਰਹੀ ਹੈ ਅਤੇ ਦਿੱਲੀ ਨਾਗਪੁਰ ਦਾ ਏਜੰਡਾ ਲਾਗੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਰਾਜਨੀਤਕ ਲੋਕਾਂ ਕੋਲ ਜਿੰਨ੍ਹਾਂ ਵਿੱਚ ਕਾਂਗਰਸ, ਭਾਜਪਾ, ਬਾਦਲ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ, ਸਿੱਖਾਂ ਦੀ ਕੁਲਨਾਸ਼ ਦੇ ਗੁੱਝੇ ਭੇਦ ਹਨ, ਪਰ ਉਹ ਸੱਚ ਨਾਲ ਖਲੋਣ ਦੀ ਬਜਾਇ ਅਤੇ ਪੰਜਾਬ ਨਾਲ ਖਲੋਣ ਦੀ ਬਜਾਇ ਦਿੱਲੀ ਨਾਗਪੁਰ ਨਾਲ ਖਲੋਂਦੇ ਹਨ | ਉਨ੍ਹਾ ਕਿਹਾ ਕਿ ਜਿੰਨ੍ਹਾਂ ਪਾਰਟੀਆਂ ਨੇ ਆਗੂਆਂ ਨੇ ਪੰਜਾਬ ਨੂੰ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ ਰਾਂਹੀ, ਕਾਰਪੋਰੇਟ ਘਰਾਣਿਆਂ ਨਾਲ ਸਾਂਝਾਂ ਪਾ ਕੇ ਸ਼ਮਸ਼ਾਨ ਵਿੱਚ ਬਦਲਿਆ ਤੇ ਆਪ ਜਾਇਦਾਦਾਂ ਦੇ ਅੰਬਾਰ ਲਾਏ, ਉਹ ਪੰਜਾਬ ਨਾਲ ਖਲੋਣ ਦੀਆਂ ਡਰਾਮੇ ਬਾਜੀਆਂ ਕਰਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਨੀਤਿਕ ਲੋਕਾਂ, ਪੁਲੀਸ ਅਧਿਕਾਰੀਆਂ, ਧਰਮ ਨੂੰ ਧੰਦਾ ਬਣਾਉਣ ਵਾਲਿਆਂ ਦੀਆਂ ਜਾਇਦਾਦਾਂ ਦੀ ਵੀ ਪੜ੍ਹਤਾਲ ਹੋਣੀ ਚਾਹੀਦੀ ਹੈ |