ਮਾਨਸਾ, 5 ਫਰਵਰੀ (ਰਾਵਿੰਦਰ ਸਿੰਘ ਰਵੀ)- ਭਾਰਤੀ ਜਨਤਾ ਪਾਰਟੀ ਵਲੋਂ ਸਥਾਨਕ ਬੱਸ ਸਟੈਂਡ ਚੌਂਕ ਵਿਖੇ ਰਾਹੁਲ ਗਾਂਧੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ, ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕੁਮਾਰ ਭੰਮਾ ਅਤੇ ਹਲਕਾ ਇੰਚਾਰਜ ਮਨਦੀਪ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਸੰਸਦ ਦੇ ਬਾਹਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਰਾਹੁਲ ਗਾਂਧੀ ਵਲੋਂ ਵਰਤੀ ਸ਼ਬਦਾਵਲੀ ਭੱਦੀ, ਅਪਮਾਨਜਨਕ ਅਤੇ ਗੈਰ-ਸੰਵਿਧਾਨਿਕ ਹੈ | ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਕੇਂਦਰੀ ਮੰਤਰੀ ਵਿਰੁੱਧ ਅਜਿਹੀ ਘਟੀਆ ਪੱਧਰ ਦੀ ਬਿਆਨਬਾਜ਼ੀ ਕਰਨਾ ਨਕਾਰਾਤਮਕ ਮਾਨਸਿਕਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਸੰਸਦ ਲੋਕਤੰਤਰ ਦਾ ਮੰਦਰ ਹੈ ਅਤੇ ਉੱਥੇ ਬੈਠ ਕੇ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਲੋਕਤੰਤਰ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਤੌਹੀਨ ਹੈ | ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਅਜਿਹੀ ਬੌਖਲਾਹਟ ਇਹ ਸਾਬਤ ਕਰਦੀ ਹੈ ਕਿ ਵਿਰੋਧੀ ਧਿਰ ਕੋਲ ਹੁਣ ਕੋਈ ਉਸਾਰੂ ਮੁੱਦਾ ਨਹੀਂ ਹੈ | ਇਸ ਮੌਕੇ ਪ੍ਰਦੀਪ ਮਾਖਾ, ਪਾਲਾ ਰਾਮ ਪਰੋਚਾ, ਬਿੰਦਰ ਪਾਲ ਗਰਗ, ਸ਼ਾਮ ਲਾਲ, ਬਿੰਦਰ ਸਿੰਘ ਖ਼ਿਆਲਾ, ਭਗਵਾਨ ਸਿੰਘ ਖ਼ਿਆਲਾ, ਅਸ਼ੋਕ ਰੱਤੀ, ਗੁਰਸ਼ਰਨ ਸਿੰਘ, ਰਮੇਸ਼ ਪਰੋਚਾ, ਰੁਪਿੰਦਰ ਰਿੰਪੀ, ਪੂਨਮ ਸ਼ਰਮਾ, ਬੁੱਧ ਸਿੰਘ ਹੀਰੋ, ਜੱਗੀ ਅਕਲੀਆਂ, ਹਰਬੰਸ ਸਿੰਘ ਰੱਲਾ, ਦਿਲਬਾਗ਼ ਸਿੰਘ ਫੇਫੜੇ ਅਤੇ ਕੁੱਕੂ ਤੁਰਕਿਆ ਆਦਿ ਹਾਜ਼ਰ ਸਨ |