ਬੋਹਾ, 20 ਫਰਵਰੀ (ਰਮੇਸ਼ ਤਾਂਗੜੀ)- ਕਸਬਾ ਬੋਹਾ ਵਿਖੇ ਗਲੀਆਂ ਤੇ ਬਾਜ਼ਾਰਾਂ 'ਚ ਘੁੰਮਦੇ ਆਵਾਰਾ ਕੁੱਤੇ ਲੋਕਾਂ ਖ਼ਾਸ ਕਰ ਕੇ ਸਕੂਲੀ ਬੱਚਿਆਂ ਲਈ ਵੱਡਾ ਖ਼ਤਰਾ ਬਣੇ ਹੋਏ ਹਨ | ਲੋਕਾਂ ਦਾ ਕਹਿਣਾ ਹੈ ਕਿ ਇਹ ਕੁੱਤੇ ਆਸ-ਪਾਸ ਦੇ ਪਿੰਡਾਂ ਖ਼ਾਸ ਕਰ ਕੇ ਗਾਦੜਾਂ, ਬਾਗ਼ ਵਾਲਾ ਵਿਹੜਾ, ਥਾਣਾ ਰੋਡ ਅਤੇ ਸਕੂਲਾਂ, ਦਫ਼ਤਰਾਂ ਕੋਲ ਸੜਕਾਂ 'ਤੇ ਵੱਡੇ ਵਾਹਨਾਂ ਹੇਠਾਂ ਆ ਕੇ ਮਰ ਜਾਂਦੇ ਹਨ | ਇਸ ਦੌਰਾਨ ਰਾਹਗੀਰ ਅਤੇ ਸਮਾਜਸੇਵੀ ਇਨ੍ਹਾਂ ਮਰੇ ਕੁੱਤਿਆਂ ਨੂੰ ਖ਼ਾਲੀ ਪਲਾਟਾਂ ਅਤੇ ਸੜਕਾਂ ਦੇ ਆਸ-ਪਾਸ ਦੱਬ ਦਿੰਦੇ ਹਨ, ਜਿਸ ਨਾਲ ਕੁਝ ਦਿਨਾਂ 'ਚ ਹੀ ਸਾਰੇ ਪਾਸੇ ਬਦਬੂ ਫੈਲ ਜਾਂਦੀ ਹੈ ਅਤੇ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਕਈ ਕਤੂਰੇ ਤਾਂ ਲੋਕ ਗੰਦੇ ਨਾਲਿਆਂ 'ਚ ਹੀ ਰੋੜ ਦਿੰਦੇ ਹਨ | ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਕੁੱਤਿਆਂ ਦੇ ਵੱਢਣ ਦਾ ਵਧੇਰੇ ਖ਼ਤਰਾ ਹੋਣ ਕਾਰਨ ਲੋਕ ਆਪਣੇ ਬੱਚਿਆਂ ਨੂੰ ਆਪ ਛੱਡ ਕੇ ਆਉਂਦੇ ਹਨ | ਕਈ ਵਾਰ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਕੰਮ ਤੋਂ ਵਾਪਸ ਆਉਂਦੇ ਲੋਕ ਵੀ ਇਨ੍ਹਾਂ ਆਵਾਰਾ ਕੁੱਤਿਆਂ ਦੀ ਮਾਰ 'ਚ ਆ ਜਾਂਦੇ ਹਨ | ਕਈਆਂ 'ਚ ਹਲ਼ਕਾਅ ਆਉਣ ਕਾਰਨ ਦੂਰ-ਦੂਰ ਤੱਕ ਲੋਕਾਂ ਦਾ ਪਿੱਛਾ ਕਰਦੇ ਹਨ | ਅਜਿਹੇ ਹੀ ਇੱਕ ਕੁੱਤੇ ਨੇ ਬੱਕਰੀਆਂ ਦੇ ਝੁੰਡ 'ਤੇ ਹਮਲਾ ਕਰ ਕੇ ਬੱਕਰੀ ਨੂੰ ਜ਼ਖਮੀ ਕਰ ਦਿੱਤਾ, ਜਿਸ 'ਤੇ ਲੋਕਾਂ ਵਲੋਂ ਰਲ ਕੇ ਕੁੱਤੇ ਨੂੰ ਮਾਰ ਦਿੱਤਾ ਗਿਆ | ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਆਵਾਰਾ ਤੇ ਹਲਕੇ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਅਤੇ ਮਰੇ ਹੋਏ ਪਸ਼ੂਆਂ ਲਈ ਪਿੰਡਾਂ ਤੇ ਸ਼ਹਿਰਾਂ 'ਚ ਖੁੱਲ੍ਹੀਆਂ ਥਾਵਾਂ ਬਣਾਈਆਂ ਜਾਣ |