ਬਠਿੰਡਾ 20 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਰੁਨੇਸ਼ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਬਲਜਿੰਦਰ ਕੌਰ ਮਾਨ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ.ਜੇ.ਐਮ-ਸਹਿਤ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ 14 ਮਾਰਚ 2026 ਨੂੰ ਸੈਸ਼ਨਜ਼ ਡਵੀਜ਼ਨ ਬਠਿੰਡਾ ਅਧੀਨ ਸਮੂਹ ਨਿਆਂਇਕ ਅਦਾਲਤਾਂ, ਬਠਿੰਡਾ ਅਤੇ ਇਸ ਦੀਆਂ ਸਬ-ਡਵੀਜ਼ਨਾਂ ਤਲਵੰਡੀ ਸਾਬੋ ਅਤੇ ਫੂਲ ਵਿਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ | ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰੁਨੇਸ਼ ਕੁਮਾਰ ਨੇ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿਚ ਫੌਜਦਾਰੀ ਕੇਸਾਂ, ਚੈੱਕ ਬਾਊਾਸ ਮਾਮਲਿਆਂ, ਬੈਂਕ ਕੇਸਾਂ, ਮੋਟਰ ਐਕਸੀਡੈਂਟ ਕਲੇਮ ਕੇਸਾਂ ਅਤੇ ਪਰਿਵਾਰਿਕ ਵਿਵਾਦਾਂ ਸਮੇਤ ਵੱਖ-ਵੱਖ ਕਿਸਮਾਂ ਦੇ ਮਾਮਲੇ ਸੁਣਵਾਈ ਲਈ ਰੱਖੇ ਜਾਣਗੇ | ਇਸ ਤੋਂ ਇਲਾਵਾ ਪ੍ਰੀ-ਲੀਟੀਗੇਟਿਵ ਮਾਮਲੇ ਜਿਵੇਂ ਕਿ ਬੈਂਕ ਰਿਕਵਰੀ, ਜਲ ਸਪਲਾਈ ਅਤੇ ਲੇਬਰ ਨਾਲ ਸੰਬੰਧਿਤ ਕੇਸ ਵੀ ਨਿਪਟਾਰੇ ਲਈ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੰਚ ਰਾਹੀਂ ਤੁਰੰਤ ਇਨਸਾਫ ਮਿਲ ਸਕੇ | ਉਨ੍ਹਾਂ ਕਿਹਾ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿਚ ਅੱਗੇ ਕੋਈ ਅਪੀਲ ਨਹੀਂ ਹੋ ਸਕਦੀ ਕਿਉਂਕਿ ਫੈਸਲਾ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਹੁੰਦਾ ਹੈ | ਇਸ ਦੇ ਨਾਲ ਹੀ ਅਜਿਹੇ ਕੇਸਾਂ ਵਿਚ ਜਮ੍ਹਾਂ ਕਰਵਾਈ ਗਈ ਕੋਰਟ ਫੀਸ ਵੀ ਵਾਪਸ ਕੀਤੀ ਜਾਂਦੀ ਹੈ | ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਸਮੂਹ ਵਕੀਲਾਂ ਅਤੇ ਪੱਖਕਾਰਾਂ ਨੂੰ ਅਪੀਲ ਕੀਤੀ ਕਿ ਉਹ 14 ਮਾਰਚ 2026 ਨੂੰ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ |