ਝੁਨੀਰ, 6 ਅਪ੍ਰੈਲ (ਸੰਜੀਵ ਸਿੰਗਲਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਸੁਰਿੰਦਰ ਕੌਰ ਜੌੜਕੀਆਂ ਦੀ ਅਗਵਾਈ ਹੇਠ ਸੀ.ਡੀ.ਪੀ.ਓ. ਝੁਨੀਰ ਨੂੰ ਡਾਇਰੈਕਟਰ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਜੋ ਮੋਬਾਈਲ ਫ਼ੋਨ ਪੋਸ਼ਣ ਅਭਿਆਨ ਫ਼ੰਡਾਂ 'ਚੋਂ ਆਂਗਣਵਾੜੀ ਵਰਕਰਾਂ ਲਈ ਖ਼ਰੀਦੇ ਹਨ, ਉਹ ਫ਼ੋਨ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ | ਜੇਕਰ ਇਹ ਫ਼ੋਨ ਨਹੀਂ ਦਿੱਤੇ ਜਾਂਦੇ ਤਾਂ ਆਂਗਣਵਾੜੀ ਵਰਕਰ ਆਪਣੇ ਪਰਸਨਲ ਫ਼ੋਨ ਤੋਂ ਸਰਕਾਰ ਦੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ 'ਚ ਲਾਭਪਾਤਰੀ ਰਜਿਸਟਰ ਨਹੀਂ ਕਰਨਗੀਆਂ ਕਿਉਂਕਿ ਉਹ ਪਹਿਲਾਂ ਹੀ ਆਪਣੇ ਫੋਨਾਂ ਤੋਂ ਪੋਸ਼ਣ ਅਭਿਆਨ ਦਾ ਕੰਮ ਕਰ ਰਹੀਆਂ ਹਨ | ਜਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਇਕ ਲਾਭਪਾਤਰੀ ਨੂੰ ਰਜਿਸਟਰ ਕਰਨ ਲਈ ਵਰਕਰ ਨੂੰ 100 ਅਤੇ ਹੈਲਪਰ ਨੂੰ 50 ਰੁਪਏ ਦਿੱਤੇ ਜਾਣ | ਪ੍ਰਧਾਨ ਮੰਤਰੀ ਮਾਤਰਤਵੰਦਨਾ ਯੋਜਨਾ 'ਚ ਲਾਭਪਾਤਰੀ ਦੇ ਆਂਗਣਵਾੜੀ ਵਰਕਰ ਨੂੰ 200 ਅਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਂਦੇ ਹਨ ਫਿਰ ਪੰਜਾਬ ਸਰਕਾਰ ਸਿਰਫ਼ 25 ਰੁਪਏ ਦੇ ਕੇ ਕੰਮ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ | ਇਸ ਮੌਕੇ ਮਲਕੀਤ ਕੌਰ ਬੁਰਜ, ਗੁਰਪ੍ਰੀਤ ਕੌਰ, ਸੁਖਵੀਰ ਕੌਰ, ਕਿਰਨਜੀਤ ਕੌਰ, ਸੁਖਵੀਰ ਕੌਰ, ਹਰਜਿੰਦਰ ਕੌਰ, ਸੋਨਾ ਰਾਣੀ, ਪਰਮਜੀਤ ਕੌਰ, ਅਮਨਦੀਪ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ |