ਭੀਖੀ, 6 ਅਪ੍ਰੈਲ (ਬਲਕਾਰ ਸਿੰਘ ਸਹੋਤਾ)-ਸਥਾਨਕ ਸ਼ਹਿਰ ਦੀ ਮੁੱਖ ਰੋਡ 'ਤੇ ਖੜ੍ਹੇ ਬਰਸਾਤੀ ਪਾਣੀ ਨੇ ਵਾਰਡ ਨੰਬਰ 13 ਦੇ ਵਾਸੀਆਂ ਦੀ ਜ਼ਿੰਦਗੀ ਮੁਸ਼ਕਲ ਬਣਾ ਰੱਖੀ ਹੈ | ਇਸ ਸਮੱਸਿਆ ਤੋਂ ਤੰਗ ਆ ਕੇ ਲੋਕਾਂ ਨੇ ਬਠਿੰਡਾ-ਪਟਿਆਲਾ ਮੁੱਖ ਸੜਕ 'ਤੇ ਧਰਨਾ ਲਗਾ ਕੇ ਟਰੈਫ਼ਿਕ ਜਾਮ ਕਰ ਦਿੱਤਾ | ਪ੍ਰਦਰਸ਼ਨਕਾਰੀਆਂ ਨੇ ਨਗਰ ਪੰਚਾਇਤ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤੁਰੰਤ ਖੜ੍ਹਾ ਪਾਣੀ ਕੱਢਿਆ ਜਾਵੇ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਕੂਲ ਜਾਣ ਵਿਚ, ਬਜ਼ੁਰਗਾਂ ਨੂੰ ਲੰਘਣ ਵਿਚ ਅਤੇ ਧਾਰਮਿਕ ਸਥਾਨਾਂ 'ਤੇ ਜਾਣ ਵਾਲਿਆਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਬਿਮਾਰੀਆਂ 'ਚ ਘਿਰ ਰਹੇ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਨਗਰ ਪੰਚਾਇਤ ਅਤੇ ਸਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਕੌਂਸਲਰ ਹਰਪ੍ਰੀਤ ਸਿੰਘ ਚਹਿਲ, ਕੌਂਸਲਰ ਸੁਰੇਸ਼ ਕੁਮਾਰ ਬਿੰਦਰ, ਕੌਂਸਲਰ ਸੁਖਰਾਜ ਦਾਸ, ਅਜੈ ਰਿਸ਼ੀ, ਸਤਪਾਲ ਰਿਸ਼ੀ, ਚਰਨਜੀਤ ਕੌਰ, ਸੁਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ | ਧਰਨੇ ਦੌਰਾਨ ਪਹੁੰਚੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪਾਉਣ ਲਈ ਐਸਟੀਮੇਟ ਤਿਆਰ ਕਰ ਲਿਆ ਹੈ ਅਤੇ ਜਲਦੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ |
ਭੀਖੀ ਵਿਖੇ ਮੁੱਖ ਸੜਕ 'ਤੇ ਖੜ੍ਹੇ ਬਰਸਾਤੀ ਪਾਣੀ ਤੋਂ ਅੱਕੇ ਲੋਕਾਂ ਨੇ ਜਾਮ ਲਗਾ ਕੇ ਕੀਤਾ ਪ੍ਰਦਰਸ਼ਨ
ਅਜੀਤ ਡੈਸਕ
07-04-2026