21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਆੜ੍ਹਤੀਆਂ ਦੀ ਹੜਤਾਲ ਕਾਰਨ ਮੰਡੀਆਂ 'ਚ ਪਈ ਕਣਕ ਵਿਕਣ ਤੋਂ ਵਾਂਝੀ, ਕਿਸਾਨ ਚਿੰਤਤ

Ad Position 21
No active advertisement
ਅਜੀਤ ਡੈਸਕ 07-04-2026

ਸਰਦੂਲਗੜ੍ਹ, 6 ਅਪ੍ਰੈਲ (ਜੀ.ਐਮ. ਅਰੋੜਾ)-ਆੜ੍ਹਤੀਆਂ ਵਲੋਂ ਮੰਗਾਂ ਸਬੰਧੀ ਕੀਤੀ ਹੜਤਾਲ ਨੂੰ ਰਾਜ ਸਰਕਾਰ ਵਲੋਂ ਅਣਗੌਲਿਆ ਕੀਤੇ ਜਾਣ ਕਾਰਨ ਕਿਸਾਨ ਮੰਡੀਆਂ 'ਚ ਕਣਕ ਲਿਆ ਕੇ ਬੋਲੀ ਦੀ ਉਡੀਕ 'ਚ ਰਾਤਾਂ ਗੁਜ਼ਾਰੇਗਾ ਕਿਉਂਕਿ ਪਹਿਲਾਂ ਕਿਸਾਨਾਂ 'ਤੇ ਮੀਂਹ, ਝੱਖੜ ਤੇ ਗੜਿਆਂ ਦੀ ਮਾਰ ਅਤੇ ਹੁਣ ਹੜਤਾਲ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ | ਇਹ ਪ੍ਰਗਟਾਵਾ ਮੰਡੀ 'ਚ ਕਣਕ ਲੈ ਕੇ ਆਏ ਕਿਸਾਨ ਮਹਿਲ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਕਣਕ ਕੁਦਰਤੀ ਆਫ਼ਤਾਂ ਕਾਰਨ ਖ਼ਰਾਬ ਹੋ ਗਈ ਅਤੇ ਜਦੋਂ ਕਿਸਾਨ ਕਣਕ ਲੈ ਕੇ ਮੰਡੀ 'ਚ ਪਹੁੰਚੇ ਤਾਂ ਸਰਕਾਰ ਵਲੋਂ ਆੜ੍ਹਤੀਆਂ ਦੀਆਂ ਮੰਗਾਂ ਸਬੰਧੀ ਕੋਈ ਫ਼ੈਸਲਾ ਨਾ ਲੈਣ ਕਾਰਨ ਉਹ ਮੰਡੀ 'ਚ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਲਾਲ ਮਿੱਤਲ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਹੜਤਾਲ ਜਾਰੀ ਰੱਖੀ ਜਾਵੇਗੀ | ਦੂਜੇ ਪਾਸੇ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਅੰਮਿ੍ਤਪਾਲ ਦਾ ਕਹਿਣਾ ਹੈ ਕਿ ਕੋਈ ਵੀ ਕਿਸਾਨ ਸਹਿਕਾਰੀ ਸਭਾਵਾਂ ਦੀ ਦੁਕਾਨ 'ਤੇ ਕਣਕ ਲੈ ਕੇ ਪਹੁੰਚਿਆ ਹੀ ਨਹੀਂ ਜਦਕਿ ਉਨ੍ਹਾਂ ਵਲੋਂ ਕਣਕ ਖ਼ਰੀਦ ਦੀ ਪੂਰੀ ਤਿਆਰੀ ਹੈ | ਮਾਰਕੀਟ ਕਮੇਟੀ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਆੜ੍ਹਤੀਆਂ ਨਾਲ ਖ਼ਰੀਦ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਢੁਕਵਾਂ ਹੱਲ ਕੱਢਿਆ ਜਾਵੇਗਾ | ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਸੌਰਵ ਜਿੰਦਲ ਨੇ ਕਿਹਾ ਕਿ ਮੰਡੀ 'ਚ ਕਣਕ ਆਈ ਹੀ ਨਹੀਂ ਪਰੰਤੂ ਬਾਅਦ 'ਚ ਉਨ੍ਹਾਂ ਦੱਸਿਆ ਕਿ ਕਣਕ ਮੰਡੀ 'ਚ ਪਹੁੰਚ ਗਈ ਹੈ ਅਤੇ ਜੇਕਰ ਕਣਕ ਸੁੱਕੀ ਹੋਈ ਤਾਂ ਏਜੰਸੀਆਂ ਨਾਲ ਗੱਲਬਾਤ ਕਰ ਕੇ ਬੋਲੀ ਕਰਵਾ ਦਿੱਤੀ ਜਾਵੇਗੀ | ਭਾਕਿਯੂ (ਲੱਖੋਵਾਲ) ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਜਟਾਣਾ ਨੇ ਸਰਕਾਰ ਤੋਂ ਆੜ੍ਹਤੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨਣ ਅਤੇ ਮੰਡੀਆਂ 'ਚ ਪਈ ਕਣਕ ਦੀ ਜਲਦ ਬੋਲੀ ਕਰਵਾਉਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਸਪਾ ਵਲੋਂ 9 ਦੀ 'ਪੰਜਾਬ ਸੰਭਾਲੋ' ਰੈਲੀ ਦੀਆਂ ਤਿਆਰੀਆਂ ਮੁਕੰਮਲ-ਕੁਲਦੀਪ ਸਿੰਘ ਸਰਦੂਲਗੜ੍ਹ ਅਗਲੀ ਖ਼ਬਰ 600 ਲੀਟਰ ਲਾਹਣ ਬਰਾਮਦ
Ad Position 24