ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨੂੰ ਆਮ ਆਦਮੀ ਪਾਰਟੀ (ਆਪ) ਦੇ ਕਿਸਾਨ ਵਿੰਗ ਦੇ ਆਗੂਆਂ ਨੂੰ ਕਿਸਾਨ ਸਿਖਲਾਈ ਕੈਂਪ 'ਚ ਸੱਦਾ ਨਾ ਦੇਣਾ ਮਹਿੰਗਾ ਪਿਆ ਹੈ | ਕਿਸਾਨ ਵਿੰਗ ਦੀ ਸ਼ਿਕਾਇਤ 'ਤੇ ਪੰਜਾਬ ਸਰਕਾਰ ਵਲੋਂ ਇਸ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ | ਉਨ੍ਹਾਂ ਨੂੰ ਬਠਿੰਡਾ ਤੋਂ ਬਦਲਕੇ ਸਰਹੱਦੀ ਖੇਤਰ ਫ਼ਾਜ਼ਿਲਕਾ ਵਿਚ ਭੇਜ ਦਿੱਤਾ ਗਿਆ ਹੈ | ਇਸ ਮਸਲੇ ਨੂੰ ਲੈ ਕੇ ਕਿਸਾਨ ਵਿੰਗ ਦੇ ਆਗੂ ਤੇ ਵਰਕਰ ਕਾਫੀ ਖ਼ਫ਼ਾ ਸਨ, ਜਿੰਨ੍ਹਾਂ ਵਲੋਂ ਇਹ ਮਸਲਾ ਪੰਜਾਬ ਸਰਕਾਰ ਅਤੇ 'ਆਪ' ਹਾਈਕਮਾਂਡ ਤੱਕ ਪਹੁੰਚਾਇਆ ਗਿਆ, ਜਿਸ ਬਾਅਦ ਖੇਤੀਬਾੜੀ ਅਧਿਕਾਰੀ 'ਤੇ ਐਕਸ਼ਨ ਹੋਇਆ ਹੈ | ਇਸ ਮਸਲੇ ਸੰਬੰਧੀ 'ਆਪ' ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪੁੱਜੇ 'ਆਪ' ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਨੇ ਦੱਸਿਆ ਕਿ ਬੀਤੀ 7 ਅਪ੍ਰੈਲ ਨੂੰ ਖੇਤੀਬਾੜੀ ਵਿਭਾਗ ਵਲੋਂ ਬਠਿੰਡਾ ਵਿਖੇ ਸਾਲਾਨਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਸ਼ਮੂਲੀਅਤ ਕਰਨ ਲਈ ਵਿਭਾਗ ਵਲੋਂ 'ਆਪ' ਕਿਸਾਨ ਵਿੰਗ ਨੂੰ ਸੱਦਾ-ਪੱਤਰ ਨਾ ਦੇ ਕੇ ਕਿਸਾਨ ਵਿੰਗ ਦੇ ਮਨੋਬਲ ਨੂੰ ਠੇਸ ਪਹੁੰਚਾਈ ਗਈ ਸੀ | ਉਨ੍ਹਾਂ ਦੱਸਿਆ ਕਿ ਵਿੰਗ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਹਾਈਕਮਾਂਡ ਤੋਂ ਤੁਰੰਤ ਪ੍ਰਭਾਵ ਨਾਲ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ ਦਾ ਤਬਾਦਲਾ ਕਰਨ ਦੀ ਮੰਗ ਕੀਤੀ ਸੀ, ਜਿਸ ਲਈ ਮੁੱਖ ਮੰਤਰੀ ਅਤੇ 'ਆਪ' ਹਾਈਕਮਾਂਡ ਨੂੰ ਸ਼ਿਕਾਇਤ ਵੀ ਭੇਜੀ ਗਈ ਸੀ | ਕੋਟਫੱਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ ਤੇ 'ਆਪ' ਹਾਈਕਮਾਂਡ ਨੇ ਪਾਰਟੀ ਵਰਕਰਾਂ ਦੇ ਮਾਣ-ਸਨਮਾਨ ਨੂੰ ਪਹਿਲ ਦਿੰਦਿਆਂ, ਉਨ੍ਹਾਂ ਦਾ ਨਿਰਾਦਰ ਕਰਨ ਵਾਲੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦਾ ਤੁਰੰਤ ਤਬਾਦਲਾ ਕਰਕੇ ਵਰਕਰਾਂ ਦਾ ਮਨੋਬਲ ਹੋਰ ਉੱਚਾ ਕੀਤਾ ਹੈ | ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਜਿੰਨ੍ਹਾਂ ਦਾ ਨਿਰਾਦਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਕਾਰਵਾਈ ਬਾਅਦ ਅਜਿਹੀ ਸੋਚ ਰੱਖਣ ਵਾਲੇ ਅਧਿਕਾਰੀਆਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ |