ਮਾਨਸਾ, 9 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)-ਪਿਛਲੇ ਦਿਨੀਂ ਕਸਬਾ ਝੁਨੀਰ ਵਿਖੇ ਏ.ਟੀ.ਐਮ. ਮਸ਼ੀਨ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਮਾਨਸਾ ਪੁਲਿਸ ਵਲੋਂ ਕਾਬੂ ਕਰ ਕੇ ਮਸ਼ੀਨ ਅਤੇ ਨਕਦੀ ਦਾ ਵੱਡਾ ਹਿੱਸਾ ਬਰਾਮਦ ਕਰ ਲਿਆ ਗਿਆ ਹੈ | ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਮਾਨਸਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਲੰਘੀ 31 ਮਾਰਚ ਦੀ ਦਰਮਿਆਨੀ ਰਾਤ ਨੂੰ ਸਰਦੂਲਗੜ੍ਹ ਰੋਡ 'ਤੇ ਝੁਨੀਰ ਵਿਖੇ ਐੱਸ. ਬੀ. ਆਈ. ਬੈਂਕ ਦੀ ਏ. ਟੀ. ਐਮ. ਮਸ਼ੀਨ ਦੇ ਸ਼ਟਰ ਦਾ ਤਾਲਾ ਤੋੜ ਕੇ ਕੁਝ ਅਣਪਛਾਤੇ ਵਿਅਕਤੀ ਏ.ਟੀ.ਐਮ. ਮਸ਼ੀਨ ਚੋਰੀ ਕਰ ਕੇ ਲੈ ਗਏ, ਜਿਸ ਵਿਚ ਬੈਂਕ ਦੇ ਰਿਕਾਰਡ ਮੁਤਾਬਿਕ 33 ਲੱਖ 28 ਹਜ਼ਾਰ ਰੁਪਏ ਸਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਨਮੋਹਨ ਸਿੰਘ ਔਲਖ ਐੱਸ.ਪੀ. (ਜਾਂਚ), ਜਸਵਿੰਦਰ ਸਿੰਘ ਡੀ. ਐੱਸ.ਪੀ. (ਡੀ) ਅਤੇ ਮਨਜੀਤ ਸਿੰਘ ਡੀ.ਐੱਸ.ਪੀ. ਸਬ ਡਵੀਜ਼ਨ ਸਰਦੂਲਗੜ੍ਹ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫ਼ਸਰ ਥਾਣਾ ਝੁਨੀਰ ਦੀ ਅਗਵਾਈ 'ਚ ਸਹਾਇਕ ਥਾਣੇਦਾਰ ਅਵਤਾਰ ਸਿੰਘ ਅਤੇ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ ਲੰਘੀ 7 ਅਪ੍ਰੈਲ ਨੂੰ ਜਟਾਣਾ ਕੈਂਚੀਆਂ ਨੇੜੇ ਨਾਕਾਬੰਦੀ ਦੌਰਾਨ ਦਲਜੀਤ ਸਿੰਘ ਵਾਸੀ ਮਕਬੂਲਪੁਰ ਭੈਣੀ (ਪਟਿਆਲਾ), ਮਨਪ੍ਰੀਤ ਸਿੰਘ ਉਰਫ਼ ਕਾਲਾ ਵਾਸੀ ਸਰਦੂਲਗੜ੍ਹ, ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਸਾਦੀਪੁਰ (ਪਟਿਆਲਾ), ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਸਤਰਾਣਾ (ਪਟਿਆਲਾ) ਅਤੇ ਦੀਪਕ ਪੰਡਤ ਵਾਸੀ ਜੂਆਂ, ਜ਼ਿਲ੍ਹਾ, ਸੋਨੀਪਤ (ਹਰਿਆਣਾ) ਨੂੰ ਗੱਡੀ ਐਕਸ.ਯੂ.ਵੀ.-500 ਸਮੇਤ ਗਿ੍ਫ਼ਤਾਰ ਕੀਤਾ | ਪੁੱਛਗਿੱਛ ਦੌਰਾਨ ਭੁਪਿੰਦਰ ਸਿੰਘ ਉਰਫ਼ ਭਿੰਦਾ ਦੇ ਘਰੋਂ ਉਸ ਦੀ ਨਿਸ਼ਾਨਦੇਹੀ 'ਤੇ 10 ਲੱਖ 60 ਹਜ਼ਾਰ ਰੁਪਏ ਅਤੇ ਦਲਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ 10 ਲੱਖ ਰੁਪਏ ਬਰਾਮਦ ਕੀਤੇ ਗਏ | ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਝੁਨੀਰ ਕੁਸਲਾ ਸਾਈਡ ਭਾਖੜਾ ਨਹਿਰ 'ਚੋਂ ਏ.ਟੀ.ਐਮ. ਮਸ਼ੀਨ ਦਾ ਹਿੱਸਾ ਬਰਾਮਦ ਕਰਵਾਇਆ ਗਿਆ | ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ ਚੋਰੀ ਦੀਆਂ ਹੋਰ ਵਾਰਦਾਤਾਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |