ਸੰਗਤ ਮੰਡੀ, 10 ਅਪ੍ਰੈਲ (ਸੁਖਤੇਜ ਧਾਲੀਵਾਲ)-ਸ਼ਹੀਦ ਸਿਪਾਹੀ ਜੈਲਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਵਿਖੇ ਬੱਚਿਆਂ ਨੂੰ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਗਰੂਕ ਕੈਂਪ ਲਗਾਇਆ | ਸਕੂਲ ਵਿਦਿਆਰਥੀਆਂ ਨੂੰ ਸਿਹਤ ਜਾਣਕਾਰੀ ਦੇ ਨਾਲ ਉਨ੍ਹਾਂ ਦੇ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਏਮਜ਼ ਬਠਿੰਡਾ ਤੋਂ ਡਾ: ਪ੍ਰਕਾਸ਼ ਨੇ ਕਿਹਾ ਕਿ ਅੱਜ ਦੇਸ਼ ਅਤੇ ਦੁਨੀਆਂ 'ਚ ਵੱਡੀ ਗਿਣਤੀ ਵਿਚ ਲੋਕ ਕਈ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹਨ, ਜਿਸ ਵਿਚ ਮਲੇਰੀਆ, ਹੈਜਾ, ਤਪਦਿਕ, ਪੋਲੀਓ, ਕੈਂਸਰ ਅਤੇ ਏਡਜ਼ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਤੰਦਰੁਸਤ ਬਣਾਉਣ ਲਈ ਵਿਸ਼ਵ ਭਰ ਵਿਚ ਜਾਗਰੂਕ ਕਰਨਾ ਹੈ | ਅਜੋਕੇ ਜੀਵਨ ਦੀ ਭੱਜ ਦੌੜ, ਪੈਕਟ ਫੂਡ ਪ੍ਰਤੀ ਰੁਝਾਨ, ਮਾਨਸਿਕ ਤਣਾਅ ਅਤੇ ਸਰੀਰਿਕ ਕਸਰਤ ਦੀ ਕਮੀ ਕਾਰਨ ਸਾਨੂੰ ਨਿੱਤ ਨਵੀਂਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ | ਅਜਿਹੇ ਹਾਲਾਤ ਵਿੱਚ ਸਾਨੂੰ ਆਪਣੇ ਕੁਦਰਤੀ ਵਰਤਾਰੇ ਨੂੰ ਸਾਫ਼ ਸੁਥਰਾ ਰੱਖਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਜੋ ਭੋਜਨ ਅਸੀਂ ਖਾਂਦੇ ਹਾਂ, ਉਸ 'ਚ 6 ਪ੍ਰਕਾਰ ਦੇ ਪੌਸ਼ਟਿਕ ਤੱਤ ਜ਼ਰੂਰੀ ਹਨ, ਜਿਸ ਵਿਚ ਪੋ੍ਰਟੀਨ, ਕਾਰਬੋਹਾਈਡੇਟ, ਚਿਕਨਾਈ, ਵਿਟਾਮਿਨ, ਖਣਿਜ ਤੇ ਪਾਣੀ ਸ਼ਾਮਲ ਹਨ | ਮਨੁੱਖ ਦਾ ਸਰੀਰ ਇਹਨਾਂ 6 ਤੱਤਾਂ ਤੋਂ ਮਿਲ ਕੇ ਬਣਿਆ ਹੈ | ਜਦੋਂ ਇਹਨਾਂ ਤੱਤਾਂ ਦੀ ਸਰੀਰ 'ਚ ਕਮੀ ਹੋ ਜਾਂਦੀ ਹੈ ਤਾਂ ਸਰੀਰਕ ਤੇ ਮਾਨਸਿਕ ਵਿਕਾਸ 'ਤੇ ਅਸਰ ਪੈਂਦਾ ਹੈ | ਬਲਾਕ ਐਜੂਕੇਟਰ ਸਾਹਿਲ ਪੁਰੀ ਤੇ ਪਰਮਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ | ਹਰ ਵਿਅਕਤੀ ਨੂੰ ਰੋਜ਼ਾਨਾ 30 ਮਿੰਟ ਕਸਰਤ ਅਤੇ ਖਾਣੇ ਵਿਚ ਰੇਸ਼ੇਦਾਰ ਫ਼ਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਮੌਕੇ ਪੂਨਮ ਰਾਣੀ, ਅਮਨਪ੍ਰੀਤ ਕੌਰ ਅਤੇ ਅਮਨਪ੍ਰੀਤ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ |