ਬੁਢਲਾਡਾ, 15 ਅਪ੍ਰੈਲ (ਸੁਨੀਲ ਮਨਚੰਦਾ)- ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਕਰਨ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈ ਮੁਹਿੰਮ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਹਲਕਾ ਵਿਧਾਇਕ ਬੁੱਧ ਰਾਮ ਨੇ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ 22 ਲੱਖ 55 ਹਜ਼ਾਰ ਰੁਪਏ ਦੀ ਲਾਗਤ ਵਾਲੇ ਆਧੁਨਿਕ ਕਲਾਸ ਰੂਮ, ਕੰਪਿਊਟਰ ਲੈਬ, ਲਾਇਬ੍ਰੇਰੀ ਅਤੇ ਕਮਰਿਆਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ | ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਦੀ ਅਪੀਲ ਕੀਤੀ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਨੀਲਮ ਰਾਣੀ ਨੇ ਕਿਹਾ ਕਿ 'ਸਿੱਖਿਆ ਕ੍ਰਾਂਤੀ' ਮੁਹਿੰਮ ਦਾ ਮਕਸਦ ਸਿਰਫ਼ ਸਕੂਲਾਂ ਦੀਆਂ ਇਮਾਰਤਾਂ ਜਾਂ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਹੀ ਨਹੀਂ ਬਲਕਿ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਨਾਲ ਹੀ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਇਸ ਮੌਕੇ ਸੁਭਾਸ਼ ਨਾਗਪਾਲ ਹਲਕਾ ਸਿੱਖਿਆ ਕੋਆਰਡੀਨੇਟਰ, ਪਿ੍ੰਸੀਪਲ ਗੁਰਮੀਤ ਸਿੰਘ ਸਿੱਧੂ, ਸਕੂਲ ਮੁਖੀ ਮਨਦੀਪ ਕੁਮਾਰ, ਸਰਪੰਚ ਗੁਰਦੀਪ ਬੱਬਾ, ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ, ਹੈੱਡਮਾਸਟਰ ਅਮਨਦੀਪ ਸਿੰਘ, ਲੈਕਚਰਾਰ ਰਾਜਪਾਲ ਸਿੰਘ, ਸੈਂਟਰ ਹੈੱਡ ਟੀਚਰ ਜੁਗਰਾਜ ਸਿੰਘ, ਪਿਆਰਾ ਸਿੰਘ ਗੁਰਨੇ ਆਦਿ ਹਾਜ਼ਰ ਸਨ |