08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਾਨਸਾ ਜ਼ਿਲੇ੍ਹ ਦੇ ਖ਼ਰੀਦ ਕੇਂਦਰਾਂ 'ਚ ਕਣਕ ਦੇ ਲੱਗੇ ਅੰਬਾਰ, ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 16-04-2026
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 15 ਅਪ੍ਰੈਲ- ਮਾਨਸਾ ਜ਼ਿਲੇ੍ਹ ਦੇ ਖ਼ਰੀਦ ਕੇਂਦਰਾਂ 'ਚ ਕਣਕ ਦੇ ਅੰਬਾਰ ਲੱਗ ਗਏ ਹਨ ਜਦਕਿ ਖ਼ਰੀਦ ਨਾਮਾਤਰ ਹੈ | ਗੜੇਮਾਰੀ ਤੇ ਬੇਮੌਸਮੀ ਬਾਰਸ਼ ਕਾਰਨ ਐਤਕੀਂ ਫ਼ਸਲ ਦਾ ਝਾੜ ਵੀ ਘਟਿਆ ਹੈ ਅਤੇ ਕੁਝ ਦਾਣੇ ਵੀ ਬਦਰੰਗ ਹਨ | ਨਮੀ ਦੀ ਮਾਤਰਾ ਵੱਧ ਹੋਣ ਕਰ ਕੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਖ਼ਰੀਦ ਤੋਂ ਟਾਲਾ ਵੱਟ ਰਹੇ ਹਨ | ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਕੇਂਦਰੀ ਟੀਮਾਂ ਵਲੋਂ ਭੀਖੀ ਤੇ ਸਰਦੂਲਗੜ੍ਹ ਦੀਆਂ ਅਨਾਜ ਮੰਡੀਆਂ 'ਚੋਂ ਕਣਕ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ-ਭਲਕ 'ਚ ਆਉਣੀ ਹੈ | ਨਿੱਜੀ ਵਪਾਰੀ ਵੀ ਫ਼ਸਲ ਦੀ ਗੁਣਵਤਾ ਨਾ ਹੋਣ ਕਰ ਕੇ ਖ਼ਰੀਦ ਨਹੀਂ ਕਰ ਰਹੇ | ਦੱਸਣਾ ਬਣਦਾ ਹੈ ਕਿ ਜ਼ਿਲੇ੍ਹ 'ਚ ਮੁੱਖ ਯਾਰਡਾਂ ਸਮੇਤ 125 ਖ਼ਰੀਦ ਕੇਂਦਰਾਂ ਤੋਂ ਇਲਾਵਾ 10 ਆਰਜ਼ੀ ਖ਼ਰੀਦ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ | ਪਿਛਲੇ ਵਰੇ੍ਹ ਜ਼ਿਲੇ੍ਹ 'ਚ 6 ਲੱਖ 57 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਜਦਕਿ ਐਤਕੀਂ 6 ਲੱਖ 72 ਹਜ਼ਾਰ ਮੀਟਰਿਕ ਟਨ ਆਉਣ ਦੀ ਉਮੀਦ ਹੈ | ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਹਾਸਲ ਕੀਤੀ ਰਿਪੋਰਟ ਅਨੁਸਾਰ ਅੱਜ ਦੇਰ ਸ਼ਾਮ ਤੱਕ ਖ਼ਰੀਦ ਕੇਂਦਰਾਂ 'ਚ 1 ਲੱਖ 11 ਹਜ਼ਾਰ 475 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ ਸਿਰਫ਼ 21 ਹਜ਼ਾਰ 570 ਮੀਟਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ | ਖ਼ਰੀਦ ਕੀਤੀ ਕਣਕ ਦੀਆਂ 22 ਹਜ਼ਾਰ 145 ਬੋਰੀਆਂ ਚੁਕਾਈ ਨਾ ਹੋਣ ਕਰ ਕੇ ਅਨਾਜ ਮੰਡੀਆਂ 'ਚ ਪਈਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਬਾਰਦਾਨੇ ਦੀ ਵੀ ਘਾਟ ਹੈ ਜਦਕਿ ਅਧਿਕਾਰੀ ਤੇ ਸੱਤਾਧਾਰੀ ਧਿਰ ਦੇ ਨੁਮਾਇੰਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕਰ ਰਹੇ ਹਨ | ਕਿਸਾਨਾਂ ਆਖ ਰਹੇ ਹਨ ਕਿ ਕੁਦਰਤੀ ਕਰੋਪੀ ਨੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਝੰਬ ਦਿੱਤਾ ਹੈ ਜਦਕਿ ਸਰਕਾਰਾਂ ਬਾਂਹ ਨਹੀਂ ਫੜ ਰਹੀਆਂ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਗੋਰਾ ਸਿੰਘ ਭੈਣੀਬਾਘਾ, ਕਿਸਾਨ ਆਗੂ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਖ਼ਰੀਦ ਕੇਂਦਰ ਕਣਕ ਨਾਲ ਨੱਕੋਂ-ਨੱਕ ਭਰੇ ਪਏ ਹਨ ਪਰ ਖ਼ਰੀਦ ਪ੍ਰਬੰਧ ਮੁਕੰਮਲ ਨਾ ਹੋਣ ਕਰ ਕੇ ਕਿਸਾਨਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖ਼ਰੀਦ ਮਾਪਦੰਡਾਂ 'ਚ ਢਿੱਲ ਵਰਤ ਕੇ ਨਮੀ ਦੀ ਮਾਤਰਾ ਵਧਾਈ ਜਾਵੇ ਅਤੇ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਕਣਕ ਦੀ ਖ਼ਰੀਦ ਤੇਜ਼ ਕਰਨ ਦੇ ਨਾਲ ਹੀ ਬੇਮੌਸਮੀ ਬਾਰਸ਼ ਦੇ ਮੱਦੇਨਜ਼ਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ-ਡੀ.ਸੀ.
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ 'ਅਜੀਤ' ਵਲੋਂ ਸੰਪਰਕ ਕਰਨ 'ਤੇ ਦੱਸਿਆ ਕਿ ਜ਼ਿਲੇ੍ਹ 'ਚ ਖ਼ਰੀਦ ਪ੍ਰਬੰਧ ਮੁਕੰਮਲ ਹਨ | ਡੀ.ਸੀ. ਨੇ ਦੱਸਿਆ ਕਿ ਬੀਤੇ ਕੱਲ੍ਹ ਕਈ ਖ਼ਰੀਦ ਕੇਂਦਰਾਂ ਦਾ ਉਨ੍ਹਾਂ ਖ਼ੁਦ ਦੌਰਾ ਕੀਤਾ ਸੀ ਅਤੇ ਅੱਜ ਵੱਖ-ਵੱਖ ਅਨਾਜ ਮੰਡੀਆਂ 'ਚ ਅਧਿਕਾਰੀਆਂ ਵਲੋਂ ਨਿਰੀਖਣ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਾਫ਼ੀ ਕੇਂਦਰਾਂ 'ਚ ਜਿਣਸ ਦੀ ਖ਼ਰੀਦ ਕੀਤੀ ਗਈ ਹੈ ਅਤੇ ਕੱਲ੍ਹ ਤੋਂ ਖ਼ਰੀਦ ਹੋਰ ਤੇਜ਼ ਕੀਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਸੁੱਕੀ ਫ਼ਸਲ ਲਿਆਉਣ ਤਾਂ ਕਿ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਖ਼ਰੀਦ ਦੇ ਮਾਮਲੇ 'ਚ ਕਿਸੇ ਵੀ ਅਣਗਹਿਲੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਜਾਰੀ ਕਣਕ ਦੇ ਸੀਜ਼ਨ ਦੌਰਾਨ ਬੁਢਲਾਡਾ ਖੇਤਰ ਦੀਆਂ ਮੰਡੀਆਂ ਅਤੇ ਇਲਾਕੇ ਦੇ ਖ਼ਰੀਦ ਕੇਂਦਰਾਂ 'ਚ ਕਣਕ ਦੀ ਆਮਦ ਇਕਦਮ ਜ਼ੋਰ ਫੜ ਗਈ ਹੈ | ਇਸ ਖੇਤਰ 'ਚ ਅੱਜ ਖ਼ਰੀਦ ਵੀ ਸ਼ੁਰੂ ਹੋ ਗਈ ਹੈ | ਪਿਛਲੇ ਕਈ ਦਿਨਾਂ ਤੋਂ ਆਪਣੀ ਜਿਣਸ ਲੈ ਕੇ ਮੰਡੀਆਂ 'ਚ ਬੈਠੇ ਕਿਸਾਨਾਂ ਦੇ ਖੱਜਲ ਖੁਆਰ ਹੋਣ ਦੀਆਂ ਸੂਚਨਾਵਾਂ ਦੇ ਅਧਾਰ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਵੀ 17 ਅਪ੍ਰੈਲ ਨੂੰ 3 ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਹੋਇਆ ਹੈ | ਬੁਢਲਾਡਾ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਂਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਫ਼ਸਲ ਦੇ ਦਾਣੇ-ਦਾਣੇ ਦੀ ਖ਼ਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ |
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਪਿਛਲੇ 12 ਦਿਨਾਂ ਤੋਂ ਸਰਦੂਲਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚ ਲੱਖਾਂ ਗੱਟੇ ਕਣਕ ਪੁੱਜ ਚੁੱਕੀ ਹੈ | ਅੱਜ ਸਰਦੂਲਗੜ੍ਹ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਗਈ, ਜਿਸ ਦੌਰਾਨ ਸਰਦੂਲਗੜ੍ਹ ਮੁੱਖ ਯਾਰਡ 'ਚ 3 ਲੱਖ ਦੇ ਕਰੀਬ ਪੱੁਜੇ ਕਣਕ ਦੇ ਗੱਟਿਆਂ 'ਚੋਂ ਮਾਰਕਫੈੱਡ ਅਤੇ ਪਨਗਰੇਨ ਏਜੰਸੀਆਂ ਵਲੋਂ 24 ਹਜ਼ਾਰ ਗੱਟੇ ਦੀ ਖ਼ਰੀਦ ਕੀਤੀ ਗਈ ਜਿਸ ਕਾਰਨ ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠੇ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਸੀ ਕਿਉਂਕਿ ਖ਼ਰੀਦ ਏਜੰਸੀਆਂ ਨੇ ਕਣਕ ਵਿਚ ਨਮੀ ਵੱਧ ਹੋਣ ਕਾਰਨ ਕਣਕ ਦੀ ਖ਼ਰੀਦ ਨਹੀਂ ਕੀਤੀ | ਭਾਕਿਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਨੇ ਮੰਗ ਕੀਤੀ ਕਿ ਫ਼ਸਲ ਨੂੰ ਬਿਨਾਂ ਸ਼ਰਤਾਂ ਤੋਂ ਖ਼ਰੀਦਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਕਣਕ ਦੀ ਖ਼ਰੀਦ ਲਈ ਰਿਆਇਤਾਂ ਦਾ ਤੁਰੰਤ ਐਲਾਨ ਕਰੇ - ਕਿਸਾਨ ਆਗੂ <br/> ਅਗਲੀ ਖ਼ਬਰ • 1,11,475 ਮੀਟਿ੍ਕ ਟਨ ਆਮਦ, 21,570 ਖ਼ਰੀਦੀ, ਚੁਕਾਈ ਜ਼ੀਰੋ • ਖ਼ਰੀਦ ਹੋਰ ਤੇਜ਼ ਕੀਤੀ ਜਾਵੇਗੀ, ਸਾਰੇ ਪ੍ਰਬੰਧ ਮੁਕੰ...
Ad Position 24