ਭਗਤਾ ਭਾਈਕਾ, 16 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਕਿਰਗਜ਼ਸਤਾਨ ਦੀ ਰਾਜਧਾਨੀ ਵਿਸ਼ਕੇਕ ਵਿਖੇ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ 2026 ਦੌਰਾਨ ਚਾਂਦੀ ਦਾ ਤਗਮਾ ਜਿੱਤਕੇ ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕਰਨ ਵਾਲੇ ਮਾਲਵਾ ਰੈਸਲਿੰਗ ਕਲੱਬ ਭਗਤਾ ਭਾਈਕਾ ਦੇ ਹੋਣਹਾਰ ਪਹਿਲਵਾਨ ਸੰਦੀਪ ਸਿੰਘ ਮਾਨ ਦਾ ਸ਼ਹਿਰ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ | ਸੰਦੀਪ ਨੇ ਇਹ ਮੱਲ 79 ਕਿੱਲੋ ਫਰੀ ਸਟਾਇਲ ਵਰਗ ਵਿਚ ਮਾਰੀ ਹੈ | ਪੰਜਾਬ ਦੇ ਕਿਸੇ ਪਹਿਲਵਾਨ ਨੇ 22 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਅਤੇ ਚਾਂਦੀ ਦਾ ਤਗਮਾ ਜਿੱਤਿਆ ਹੈ | ਸੰਦੀਪ ਨੇ ਸੈਮੀਫ਼ਾਈਨਲ ਮੁਕਾਬਲੇ ਵਿਚ ਤਾਜਿਕਸਤਾਨ ਦੇ ਪਹਿਲਵਾਨ ਸੋਮੋਨਜੋਨ ਇਕਰੋਮੋਵ ਨੂੰ 10-0 ਦੇ ਅੰਤਰ ਨਾਲ ਇਕਪਾਸੜ ਮੁਕਾਬਲੇ ਵਿਚ ਹਰਾਕੇ ਫਾਈਨਲ ਵਿਚ ਜਗ੍ਹਾ ਬਣਾਈ | ਫਾਈਨਲ ਮੁਕਾਬਲੇ ਵਿਚ ਸੰਦੀਪ ਦਾ ਮੁਕਾਬਲਾ ਜਪਾਨ ਦੇ ਪਹਿਲਵਾਨ ਕੇਵਿਨ ਘਰੇਦਾਘੀ ਨਾਲ ਹੋਇਆ | ਇਸ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਉਹ 2-1 ਦੇ ਫ਼ਰਕ ਨਾਲ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਿਹਾ | ਸੰਦੀਪ ਨੇ ਮਾਲਵਾ ਕੁਸ਼ਤੀ ਕਲੱਬ ਭਗਤਾ ਭਾਈਕਾ ਦੇ ਬਹੁਤ ਹੀ ਕਾਬਿਲ ਕੋਚ ਸੁਖਮੰਦਰ ਸਿੰਘ ਅਤੇ ਸ਼ਿਵਾਜੀ ਦੀ ਦੇਖ-ਰੇਖ ਹੇਠ ਆਪਣੀ ਤਿਆਰੀ ਕੀਤੀ ਸੀ | ਰਮਨ ਬਖਸ਼ੀ ਪ੍ਰਧਾਨ ਪੰਜਾਬ ਰੈਸਲਿੰਗ ਸੰਸਥਾ ਅਤੇ ਡੀਐਸਓ ਬਠਿੰਡਾ ਰੁਪਿੰਦਰ ਸਿੰਘ ਨੇ ਕਿਹਾ ਕਿ ਸੰਦੀਪ ਨੇ ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਇਆ ਹੈ | ਇਸ ਜਿੱਤ ਤੇ ਸੰਦੀਪ ਦੇ ਪਿੰਡ ਬੁਰਜ ਰਾਠੀ ਜ਼ਿਲ੍ਹਾ ਮਾਨਸਾ ਵਿੱਚ ਜਸ਼ਨ ਦਾ ਮਾਹੌਲ ਹੈ | ਸੰਦੀਪ ਦੇ ਭਗਤਾ ਭਾਈਕਾ ਪਹੁੰਚਣ ਤੇ ਹਲਕੇ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਨੇ ਵਧਾਈਆਂ ਭੇਜੀਆਂ | ਸੋਸ਼ਲ ਮੀਡੀਆ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਹਰਸਿਮਰਤ ਕੌਰ ਬਾਦਲ, ਰਾਣਾ ਗੁਰਜੀਤ ਸਿੰਘ, ਬਿਕਰਮ ਸਿੰਘ ਮਜੀਠੀਆ ਨੇ ਵਧਾਈ ਸੰਦੇਸ਼ ਭੇਜੇ | ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸੰਦੀਪ ਸਿੰਘ ਦਾ ਸਵਾਗਤ ਕੀਤਾ | ਇਸ ਸਮੇਂ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬੂਟਾ ਸਿੰਘ ਪ੍ਰਧਾਨ ਨਗਰ ਕੌਂਸਲ ਭਗਤਾ ਭਾਈਕਾ, ਰਕੇਸ਼ ਗੋਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਭਗਤਾ ਭਾਈਕਾ, ਸੁਖਵਿੰਦਰ ਸਿੰਘ ਖਾਨਦਾਨ ਸਰਕਲ ਪ੍ਰਧਾਨ, ਦਰਸ਼ਨ ਸਿੰਘ ਭਾਈਕੇ, ਸ਼ਿਵਮ ਸੁਰਿੰਦਰਾ ਡੇਅਰੀ, ਗੁਰਚਰਨ ਪੁਰੀ ਕੌਂਸਲਰ, ਗੁਰਪ੍ਰੀਤ ਘਾਰੂ ਕੌਂਸਲਰ, ਮੰਦਰ ਸਿੰਘ ਬਰਾੜ, ਪੱਪਾ ਗੀਤਕਾਰ, ਮਾਸਟਰ ਦਰਸ਼ਨ ਸਿੰਘ, ਕੋਚ ਵਿਸ਼ਵਦੀਪ ਸਿੰਘ, ਮਨਦੀਪ ਭਲਵਾਨ, ਹਰਬੰਸ ਸਿੰਘ ਬੰਸਾ, ਜਗਵੀਰ ਸਿੰਘ, ਰਸ਼ਪਾਲ ਸਿੰਘ ਨਿੱਕਾ, ਏਕਮ ਸਿੱਧੂ, ਵਾਸ਼ੂ ਭਾਗਸਰ, ਜਸਪ੍ਰੀਤ ਸਿੰਘ ਜੱਸਾ ਆਦਿ ਸ਼ਾਮਿਲ ਸਨ |