ਬਠਿੰਡਾ, 16 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ -ਕਮ-ਪਿ੍ੰਸੀਪਲ ਸੈਂਸਸ ਅਫ਼ਸਰ ਰਾਜੇਸ਼ ਧੀਮਾਨ ਆਈ ਏ ਐੱਸ ਨੇ ਦੱਸਿਆ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤੱਕ ਘਰਾਂ ਦੀ ਸੂਚੀਕਰਨ ਸ਼ੁਰੂ ਹੋਵੇਗਾ | ਇਹ ਦੇਸ਼ ਦੀ ਪਹਿਲੀ ਡਿਜ਼ੀਟਲ ਜਨਗਣਨਾ ਹੋਵੇਗੀ, ਜਿਸ ਵਿਚ 30 ਅਪ੍ਰੈਲ ਤੋਂ 14 ਮਈ 2026 ਤੱਕ ਸੈਲਫ਼-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਦੀ ਸਹੂਲਤ ਵੀ ਮਿਲੇਗੀ | ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਜ਼ਿਲ੍ਹਾ ਵਾਸੀ ਸੈਲਫ਼-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਕਰਨ | ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਇਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ | ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਅÏਨਲਾਈਨ ਭਰ ਸਕਦੇ ਹੋ | ਉਨ੍ਹਾਂ ਦੱਸਿਆ ਕਿ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ | ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ 'ਤੇ ਜਾਣਾ ਹੋਵੇਗਾ | ਭਾਸ਼ਾ ਦੀ ਚੋਣ ਕਰੋ ਅਤੇ ਆਪਣੇ ਮੋਬਾਇਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਵਰਤੋਂ ਕਰਕੇ ਪੋਰਟਲ 'ਤੇ ਲੌਗਇਨ ਕਰੋ | ਪੋਰਟਲ 'ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਆਪਣੀ ਸਹੂਲਤ ਅਨੁਸਾਰ ਭਰੋ | ਜਿਵੇਂ ਹੀ ਸਫਲਤਾਪੂਰਵਕ ਫਾਰਮ ਸਬਮਿਟ ਹੋਵੇਗਾ, ਨਾਗਰਿਕ ਨੂੰ ਇਕ 'ਸੈਲਫ਼-ਐਨੂਮਰੇਸ਼ਨ ਆਈ ਡੀ' ਜਨਰੇਟ ਕਰਕੇ ਦੇਵੇਗਾ | ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈ ਡੀ ਦਿਖਾਉਣੀ ਹੋਵੇਗੀ | ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਦੱਸਿਆ ਕਿ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਜਨਗਣਨਾ ਕਰਮਚਾਰੀਆਂ ਦੇ ਘਰ-ਘਰ ਜਾਣ ਦੀ ਜੋ ਵੀ ਤਰੀਕ ਤੈਅ ਹੋਵੇਗੀ, ਉਸ ਤੋਂ ਠੀਕ 15 ਦਿਨ ਪਹਿਲਾਂ 'ਸਵੈ-ਗਣਨਾ' ਦਾ ਪੋਰਟਲ ਉਸ ਖੇਤਰ ਦੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ | ਇਸ ਤਹਿਤ 33 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਰਿਹਾਇਸ਼ ਦੀ ਸਥਿਤੀ (ਕੱਚਾ/ਪੱਕਾ), ਬੁਨਿਆਦੀ ਸਹੂਲਤਾਂ (ਪਾਣੀ, ਬਿਜਲੀ, ਪਖਾਨੇ ਆਦਿ) ਅਤੇ ਪਰਿਵਾਰ ਕੋਲ ਉਪਲਬਧ ਸੰਪਤੀਆਂ ਦੀ ਜਾਣਕਾਰੀ ਮੰਗੀ ਜਾਵੇਗੀ |