ਸੰਗਤ ਮੰਡੀ 16 ਅਪ੍ਰੈਲ (ਸੁਖਤੇਜ ਧਾਲੀਵਾਲ)-ਸੀ. ਬੀ ਐਸ.ਈ ਬੋਰਡ ਦਿੱਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ ਕੈਂਚੀਆਂ ਦੇ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਆਕਿ੍ਤੀ ਨੇ 94.6 ਫੀਸਦੀ ਅੰਕ ਹਾਸਲ ਕਰਕੇ ਪਹਿਲਾ, ਅਭੀਜੋਤ ਸਿੰਘ ਸੰਧੂ ਅਤੇ ਆਰੀਅਨ ਅਰੋੜਾ ਨੇ 93 ਫੀਸਦੀ ਅੰਕ ਹਾਸਲ ਕਰਕੇ ਦੂਜਾ ਅਤੇ ਕੁਨਾਲ ਗੋਇਲ ਨੇ 92.8 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਅਨੁਸਾਰ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਇਸ ਮੌਕੇ ਸਕੂਲ ਦੇ ਡਾਇਰੈਕਟਰ ਵਰਿੰਦਰ ਕੌਰ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਸਕੂਲ ਦੇ ਚੰਗੇ ਨਤੀਜੇ ਲਈ ਉਨ੍ਹਾਂ ਦੇ ਅਧਿਆਪਕਾਂ ਵਲੋਂ ਕੀਤੀ ਗਈ ਮਿਹਨਤ ਦਾ ਨਤੀਜਾ ਦੱਸਿਆ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੁਆਰਾ ਕੀਤੇ ਪ੍ਰਦਸ਼ਨ ਲਈ ਵਧਾਈ ਦਿੱਤੀ | ਉਨ੍ਹਾਂ ਸਕੂਲ ਦੇ ਚੰਗੇ ਨਤੀਜੇ ਲਈ ਖੁਸ਼ੀ ਜ਼ਾਹਿਰ ਕਰਦਿਆ ਕਿਹਾ ਕਿ ਵਿਦਿਆਰਥੀਆਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਜੀ. ਐੱਸ. ਢਿੱਲੋਂ ਵਲੋਂ ਅਧਿਆਪਕਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |