ਬੁਢਲਾਡਾ, 27 ਅਪ੍ਰੈਲ (ਸਵਰਨ ਸਿੰਘ ਰਾਹੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਘਰੇਲੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਦੇ ਲਗਾਏ ਜਾ ਰਹੇ ਲੰਬੇ ਤੇ ਅਣਐਲਾਨੇ ਕੱਟਾਂ ਦੇ ਵਿਰੋਧ 'ਚ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਰੋਸ ਧਰਨਾ ਦੇਣ ਉਪਰੰਤ ਚੇਅਰਮੈਨ ਪਾਵਰ ਕਾਮ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ, ਦੇਵੀਰਾਮ ਰੰਘੜਿਆਲ, ਗੁਰਜੰਟ ਸਿੰਘ ਮੰਘਾਣੀਆ, ਤੇਜ ਰਾਮ ਅਹਿਮਦਪੁਰ, ਗੁਰਮੇਲ ਸਿੰਘ ਜਲਵੇੜਾ ਆਦਿ ਨੇ ਕਿਹਾ ਕਿ ਬਲਾਕ ਦੇ ਪਿੰਡਾਂ 'ਚ ਬਿਜਲੀ ਸਪਲਾਈ ਦੀ ਹਾਲਤ ਬਹੁਤ ਮਾੜੀ ਹੈ, ਰਾਤ ਸਮੇਂ ਬਿਨਾਂ ਕਿਸੇ ਸੂਚਨਾ ਦੇ ਲਗਾਏ ਜਾ ਰਹੇ ਨਜਾਇਜ਼ ਕੱਟਾਂ ਕਾਰਨ ਭਿਆਨਕ ਗਰਮੀ 'ਚ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰਾਂ ਦਾ ਜਿਉਂਣਾ ਦੁੱਭਰ ਹੋ ਗਿਆ ਹੈ | ਆਗੂਆਂ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਪਿੰਡਾਂ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਦੂਜਾ ਖੇਤੀਬਾੜੀ ਸੈਕਟਰ ਲਈ ਬਿਜਲੀ ਨਾ ਮਿਲਣ ਕਰ ਕੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਸੁੱਕ ਰਿਹਾ ਹੈ ਅਤੇ ਮੱਕੀ ਦੀ ਫ਼ਸਲ ਨਾਜ਼ੁਕ ਹਾਲਤ 'ਚ ਹੈ | ਸਾਉਣੀ ਦੀਆਂ ਮੁੱਖ ਫ਼ਸਲਾਂ ਨਰਮਾ ਅਤੇ ਮੂੰਗੀ ਦੀ ਬਿਜਾਈ ਪਛੜ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪਾਵਰ ਕਾਮ ਨੇ ਇਹ ਨਜਾਇਜ਼ ਕੱਟ ਤੁਰੰਤ ਬੰਦ ਨਾ ਕੀਤੇ ਤਾਂ ਜਥੇਬੰਦੀ ਆਉਂਦੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ ਅਤੇ ਦਫ਼ਤਰਾਂ ਦੇ ਘਿਰਾਓ ਵਰਗੇ ਸਖ਼ਤ ਕਦਮ ਚੁੱਕੇਗੀ | ਧਰਨੇ ਉਪਰੰਤ ਐਸ.ਡੀ.ਓ. ਕੇਵਲ ਸਿੰਘ ਛੀਨਾ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਪਾਲਾ ਸਿੰਘ ਕੁੱਲਰੀਆਂ, ਮਿੱਠੂ ਸਿੰਘ ਬਹਾਦਰਪੁਰ, ਕਾਕਾ ਸਿੰਘ ਗੁਰਨੇ ਖ਼ੁਰਦ, ਬਲਦੇਵ ਸਿੰਘ ਧਰਮਪੁਰਾ, ਲੀਲ੍ਹਾ ਸਿੰਘ ਕੁੱਲਰੀਆਂ ਆਦਿ ਹਾਜ਼ਰ ਸਨ |
ਬਿਜਲੀ ਕੱਟਾਂ ਖ਼ਿਲਾਫ਼ ਕਿਸਾਨਾਂ ਵਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
28-04-2026