ਬਠਿੰਡਾ 'ਚ ਸੜਕਾਂ ਉੱਪਰ ਲੱਗ ਰਹੀਆਂ ਨਾਜਾਇਜ਼ ਰੇਹੜੀਆਂ ਵਾਲਿਆਂ 'ਤੇ ਟਰੈਫ਼ਿਕ ਪੁਲਿਸ ਹੋਈ ਮਿਹਰਬਾਨ <br/>
ਅਜੀਤ ਡੈਸਕ
03-05-2026
ਇਸ ਮਾਮਲੇ ਸੰਬੰਧੀ ਸ਼ਹਿਰ ਵਾਸੀ ਸਿਕੰਦਰ ਖਾਨ ਕਿਹਾ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਚੌਰਾਹਿਆਂ 'ਤੇ ਸੜਕਾਂ ਉੱਤੇ ਲੱਗ ਰਹੀਆਂ ਨਜਾਇਜ਼ ਰੇਹੜੀਆਂ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਲੋਕਾਂ ਨੂੰ ਘੰਟਿਆਂ ਜਾਮ ਵਿਚ ਫਸਣਾ ਪੈਂਦਾ ਹੈ |
ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਹਸਪਤਾਲਾਂ, ਸਕੂਲਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਨੇੜੇ ਰੇਹੜੀਆਂ ਲੱਗਣ ਕਾਰਨ ਐਮਰਜੈਂਸੀ ਵਾਹਨਾਂ ਅਤੇ ਸਕੂਲੀ ਬੱਸਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਵੇਰ ਸਮੇਂ ਰੋਜ਼ਾਨਾ ਸਕੂਲੀ ਬੱਸਾਂ ਵੀ ਟਰੈਫ਼ਿਕ ਜਾਮ ਵਿਚ ਫਸ ਜਾਂਦੀਆਂ ਹਨ |
ਸ਼ਹਿਰ ਵਾਸੀ ਦਲਵੀਰ ਸਿੰਘ ਨੇ ਕਿਹਾ ਲੋਕ ਟਰੈਫ਼ਿਕ ਸਮੱਸਿਆ ਨਾਲ ਜੂਝ ਰਹੇ ਹਨ | ਸਵੇਰ ਸਮੇਂ ਟਰੈਫ਼ਿਕ ਪੁਲਿਸ ਅਫ਼ਸਰ ਦਾਣਾ ਮੰਡੀ ਰੇਹੜੀਆਂ ਚੁਕਵਾ ਜਾਂਦੇ ਹਨ ਤੇ ਰੇਹੜੀ ਚਾਲਕ ਦੁਬਾਰਾ ਮੁੜ ਦੁਪਹਿਰ ਸਮੇਂ ਸੜਕਾਂ ਉੱਪਰ ਨਜਾਇਜ਼ ਕਬਜ਼ੇ ਕਰਕੇ ਬੈਠ ਜਾਂਦੇ ਹਨ | ਉਨ੍ਹਾਂ ਕਿਹਾ ਕਿ ਟਰੈਫ਼ਿਕ ਪੁਲਿਸ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ, ਜੋ ਕਿ ਸੋਸ਼ਲ ਮੀਡੀਆ ਉੱਪਰ ਵਾਹੋ ਵਾਹੀ ਖੱਟਣ ਦਾ ਡਰਾਮਾ ਕਰ ਰਹੀ ਹੈ |
ਨਗਰ ਨਿਗਮ ਵਿਭਾਗ ਨਾਲ ਮਿਲ ਕੇ ਜਲਦ ਟਰੈਫ਼ਿਕ ਸਮੱਸਿਆ ਦਾ ਹੋਵੇਗਾ ਹੱਲ- ਮੇਜਰ ਸਿੰਘ
ਟਰੈਫ਼ਿਕ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਸੜਕਾਂ ਉੱਪਰ ਲੱਗ ਰਹੀਆਂ ਰੇਹੜੀਆਂ ਖ਼ਿਲਾਫ਼ ਨਗਰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਜਲਦ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਜਲਦ ਮਿਲੇਗੀ ਟਰੈਫ਼ਿਕ ਸਮੱਸਿਆ ਤੋਂ ਨਿਯਾਤ |
ਨਗਰ ਨਿਗਮ ਵਲੋਂ ਜਲਦ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ- ਸਾਹਿਲ ਸ਼ਰਮਾ
ਨਗਰ ਨਿਗਮ ਦੇ ਤਹਿਬਾਜ਼ਾਰੀ ਇੰਚਾਰਜ ਸਾਹਿਲ ਸ਼ਰਮਾ ਨੇ ਕਿਹਾ ਕਿ ਰੇਹੜੀ ਵਾਲਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ, ਉਨ੍ਹਾਂ ਕਿਹਾ ਕਿ ਨਜਾਇਜ਼ ਰੇਹੜੀਆਂ ਚਾਲਕਾਂ ਵਲੋਂ ਬਾਜ਼ਾਰਾਂ ਵਿਚ ਕੀਤੇ ਕਬਜ਼ਿਆਂ ਖ਼ਿਲਾਫ਼ ਜਲਦ ਕਰਵਾਈ ਕੀਤੀ ਜਾਵੇਗੀ |