ਬੁਢਲਾਡਾ, 4 ਮਈ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਵਲੋਂ ਆਪਣੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਮਹੀਨਾਵਾਰ ਪੈਨਸ਼ਨ ਇਸ ਵਾਰ ਹਾਲੇ ਤੱਕ ਨਾ ਮਿਲਣ ਕਾਰਨ ਪੈਨਸ਼ਨਰਾਂ 'ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ | ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਪ੍ਰਗਟ ਸਿੰਘ, ਸਰਪ੍ਰਸਤ ਗੁਰਚਰਨ ਸਿੰਘ ਮਾਨ, ਗੁਰਬਚਨ ਸਿੰਘ ਮੰਦਰਾਂ, ਸਕੱਤਰ ਨਰੇਸ਼ ਕੁਮਾਰ, ਰਘੁਨਾਥ ਸਿੰਗਲਾ ਨੇ ਦੱਸਿਆ ਕਿ ਸੇਵਾ ਮੁਕਤ ਮੁਲਾਜ਼ਮਾਂ ਦਾ ਸਾਰਾ ਦਾਰੋਮਦਾਰ ਪੈਨਸ਼ਨ 'ਤੇ ਹੀ ਨਿਰਭਰ ਹੁੰਦਾ ਹੈ ਕਿਉਂਕਿ ਉਹ ਪੈਨਸ਼ਨ ਆਉਣ 'ਤੇ ਹੀ ਆਪਣੇ ਘਰ ਪਰਿਵਾਰ ਦਾ ਚੁੱਲਾ ਚਲਾਉਣ ਲਈ ਦੁਕਾਨਦਾਰਾਂ ਤੋਂ ਮਹੀਨਾ ਭਰ ਉਧਾਰ ਲਏ ਸੌਦੇ ਪੱਤੇ ਦੀ ਰਕਮ ਚੁੱਕਦੀ ਕਰਨ ਸਮੇਤ ਦੁੱਧ, ਦਵਾਈਆਂ ਆਦਿ ਦੇ ਖਰਚੇ ਵੀ ਦੇਣੇ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਰਾਜ ਭਰ 'ਚ ਪਿੰਡਾਂ/ਸ਼ਹਿਰਾਂ 'ਚ ਆਪਣੀ ਮਸ਼ਹੂਰੀ ਦੇ ਵੱਡੇ-ਵੱਡੇ ਬੋਰਡ ਲਗਾ ਕੇ ਅਰਬਾਂ ਰੁਪਏ ਖ਼ਰਚ ਕਰ ਰਹੀ ਹੈ ਪ੍ਰੰਤੂ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਲਈ ਸਾਫ਼ਟਵੇਅਰ ਨਾ ਚਲਦਾ ਹੋਣ ਦਾ ਬਹਾਨਾ ਲਗਾਇਆ ਜਾ ਰਿਹਾ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਦੀ ਵਿੱਤੀ ਹਾਲਤ ਮਾੜੀ ਹੋਣ ਕਰ ਕੇ ਪੈਨਸ਼ਨਾਂ ਰੋਕੀਆਂ ਗਈਆਂ ਹਨ | ਆਗੂਆਂ ਨੇ ਮੰਗ ਕੀਤੀ ਕਿ ਰੋਕੀਆਂ ਗਈਆਂ ਪੈਨਸ਼ਨਾਂ ਜਲਦ ਜਾਰੀ ਕੀਤੀਆਂ ਜਾਣ ਨਹੀਂ ਤਾਂ ਪੈਨਸ਼ਨਰਜ਼ ਵਰਗ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ |