16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

05-05-26

Ad Position 21
No active advertisement
ਅਜੀਤ ਡੈਸਕ 05-05-2026

 ਨਾਰੀ ਪ੍ਰਤੀ ਸੋਚ ਬਦਲਣ ਦੀ ਲੋੜ

ਨਾਰੀ (ਔਰਤ) ਸਮਾਜ ਦਾ ਅਹਿਮ ਅਤੇ ਮਹੱਤਵਪੂਰਨ ਅੰਗ ਹੈ ਅਤੇ ਜਿਸ ਨੂੰ ਸਮਾਜ ਦੀ ਸਿਰਜਕ ਵੀ ਆਖਿਆ ਜਾਂਦਾ ਹੈ। ਸਮਾਜ ਤੇ ਦੇਸ਼ ਦੇ ਵਿਕਾਸ ਵਿਚ ਮਰਦ ਤੇ ਨਾਰੀ ਦੋਹਾਂ ਦਾ ਬਰਾਬਰ ਯੋਗਦਾਨ ਹੈ। ਘਰ ਪਰਿਵਾਰ ਨੂੰ ਚਲਾਉਣ ਵਿਚ ਵੀ ਨਾਰੀ ਦਾ ਵੱਡਾ ਯੋਗਦਾਨ ਹੁੰਦਾ ਹੈ ਜੇਕਰ ਮਰਦ ਮਕਾਨ ਬਣਾਉਂਦਾ ਹੈ ਤਾਂ ਉਸ ਨੂੰ ਘਰ ਨਾਰੀ ਹੀ ਬਣਾ ਸਕਦੀ ਹੈ। ਲਿੰਗ ਦੇ ਆਧਾਰ 'ਤੇ ਮਰਦ ਅਤੇ ਔਰਤ ਵਿਚ ਵਿਤਕਰਾ ਅਤੇ ਧੱਕਾ ਪੁਰਾਣੇ ਸਮੇਂ ਵਿਚ ਵੀ ਹੁੰਦਾ ਸੀ ਅਤੇ ਹੁਣ ਵੀ ਜਾਰੀ ਹੈ। ਸਿਰਫ਼ ਉਸ ਦਾ ਰੂਪ ਹੀ ਬਦਲਿਆ ਹੈ।
ਅਜੋਕੇ ਸਮੇਂ ਲੜਕੀ ਨੂੰ ਜਨਮ ਤੋਂ ਪਹਿਲਾਂ ਹੀ ਮਾਂ ਦੇ ਪੇਟ ਅੰਦਰ ਹੀ ਅਬਾਰਸ਼ਨ ਕਰਵਾ ਕੇ ਮਾਰ ਦਿੱਤਾ ਜਾਂਦਾ ਹੈ। ਦਾਜ ਕਾਰਨ ਸਹੁਰੇ ਪਰਿਵਾਰ ਵਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਕਰਨ ਵਾਲੇ ਜ਼ਿੰਮੇਵਾਰ ਲੋਕਾਂ ਨੂੰ ਮਿਸਾਲੀ ਸਜ਼ਾਵਾਂ ਨਹੀਂ ਮਿਲਦੀਆਂ ਜਾਂ ਬਹੁਤ ਦੇਰ ਨਾਲ ਮਿਲਦੀਆਂ ਹਨ। ਜੱਗ ਜਨਣੀ ਨਾਲ ਅਜਿਹਾ ਘਟੀਆ ਅਤੇ ਮਾੜਾ ਵਰਤਾਓ ਕਿਵੇਂ ਵੀ ਉਚਿਤ ਨਹੀਂ ਠਹਿਰਾਇਆ ਜਾ ਸਕਦਾ।
ਕੀ ਇਹ ਨਾਰੀ ਨਾਲ ਧੱਕਾ ਅਤੇ ਬੇਇਨਸਾਫ਼ੀ ਨਹੀਂ? ਸੋ, ਲੋੜ ਹੈ ਸਮਾਜ ਨੂੰ ਨਾਰੀ ਪ੍ਰਤੀ ਸੋਚ ਬਦਲਣ ਦੀ ਜੋ ਕਿ ਸਮੇਂ ਦੀ ਵੱਡੀ ਜ਼ਰੂਰਤ ਹੈ। ਅਜਿਹਾ ਕਰਕੇ ਹੀ ਅਸੀਂ ਇਕ ਸੱਭਿਅਕ ਅਤੇ ਨਰੋਏ ਸਮਾਜ ਦੀ ਸਿਰਜਣਾ ਪ੍ਰਤੀ ਪਹਿਲ-ਕਦਮੀ ਕਰ ਸਕਦੇ ਹਾਂ।
ਤੰਦਰੁਸਤੀ
ਅਜੋਕੇ ਸਮੇਂ ਮਨੁੱਖ ਉਸ ਪ੍ਰਮਾਤਮਾ ਪਾਸੋਂ ਧੰਨ-ਦੌਲਤ, ਔਲਾਦ, ਵੱਡਾ ਘਰ, ਵੱਡੀ ਕਾਰ ਅਤੇ ਵੱਡੇ ਰੁਤਬੇ ਦੀ ਮੰਗ ਕਰਦਾ ਹੈ ਅਤੇ ਇਸ ਸੰਬੰਧੀ ਅਰਦਾਸਾਂ/ਬੇਨਤੀਆਂ ਵੀ ਕਰਦਾ ਹੈ, ਪਰ ਉਸ ਨੇ ਤੰਦਰੁਸਤੀ/ਅਰੋਗਤਾ ਜੋ ਕਿ ਇਕ ਵੱਡਾ ਧੰਨ ਹੈ, ਦੀ ਮੰਗ ਬਹੁਤ ਘੱਟ ਕੀਤੀ ਹੈ।
ਜਿਸ ਵਿਅਕਤੀ ਪਾਸ ਇਹ ਧੰਨ ਹੈ, ਉਹ ਖੁਸ਼ਕਿਸਮਤ ਤਾਂ ਹੈ ਹੀ, ਬਲਕਿ ਉਸ ਨੂੰ ਧੰਨਵਾਨ ਵੀ ਆਖਿਆ ਜਾ ਸਕਦਾ ਹੈ। ਕਿਉਂਕਿ ਉਹ ਜਿਥੇ ਸ਼ਾਂਤ ਚਿੱਤ ਰਹਿੰਦਾ ਹੈ, ਉਥੇ ਹਉਮੈ-ਹੰਕਾਰ ਅਤੇ ਲੋਭ-ਲਾਲਚ ਤੋਂ ਬਚਿਆ ਰਹਿੰਦਾ ਹੈ। ਜਦਕਿ ਵੱਡਾ ਘਰ, ਵੱਡੀ ਕਾਰ ਅਤੇ ਵੱਡੀ ਮਾਤਰਾ ਵਿਚ ਧੰਨ ਦੌਲਤ ਅਤੇ ਵੱਡਾ ਰੁਤਬਾ ਨਾ ਕੇਵਲ ਮਨੁੱਖ ਨੂੰ ਐਸ਼ਪ੍ਰਸਤ, ਲੋਭੀ ਅਤੇ ਹੰਕਾਰੀ ਬਣਾ ਦਿੰਦਾ ਹੈ, ਸਗੋਂ ਉਸ ਦੇ ਮਨ ਨੂੰ ਚਿੰਤਾਵਾਂ ਦੇਣ ਦੇ ਨਾਲ-ਨਾਲ ਅਸ਼ਾਂਤ ਵੀ ਕਰਦਾ ਹੈ ਅਤੇ ਮਨ ਅਤੇ ਤਨ ਨੂੰ ਰੋਗੀ ਵੀ ਬਣਾਉਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਤੰਦਰੁਸਤੀ/ਅਰੋਗਤਾ ਬਹੁਤ ਵੱਡਾ ਸਰਮਾਇਆ ਹੈ ਅਤੇ ਜਿਸ ਵਿਅਕਤੀ ਦੇ ਪੱਲੇ ਇਹ ਧੰਨ ਹੋਵੇ, ਉਹ ਬਹੁਤ ਅਮੀਰ ਹੁੰਦਾ ਹੈ। ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਜੇਕਰ ਮਾਨਸਿਕ ਤੰਦਰੁਸਤੀ ਵੀ ਹੋਵੇ ਤਾਂ ਉਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਮਨੁੱਖੀ ਜ਼ਿੰਦਗੀ ਵਿਚ ਇਨ੍ਹਾਂ ਦੀ ਖ਼ਾਸ ਅਹਿਮੀਅਤ ਹੈ ਜੋ ਕਿ ਉਸ ਅਕਾਲ-ਪੁਰਖ/ਵਾਹਿਗੁਰੂ ਦੀ ਕ੍ਰਿਪਾ/ਮੇਹਰ ਸਦਕਾ ਹੀ ਪ੍ਰਾਪਤ ਹੁੰਦੀਆਂ ਹਨ।
ਸੋ, ਲੋੜ ਹੈ ਮਨੁੱਖ ਨੂੰ ਤਨ ਅਤੇ ਮਨ ਦੀ ਤੰਦਰੁਸਤੀ ਲਈ ਪ੍ਰਮਾਤਮਾ ਦੇ ਨਾਂਅ ਨਾਲ ਅਤੇ ਸੇਵਾ ਨਾਲ ਜੁੜਨ ਦੀ, ਜੋ ਕਿ ਸਮੇਂ ਦੀ ਵੱਡੀ ਲੋੜ ਹੈ ਅਤੇ ਅਜਿਹਾ ਕਰਕੇ ਹੀ ਮਨੁੱਖ ਆਪਣਾ ਜੀਵਨ ਸਫ਼ਲ ਬਣਾ ਸਕਦਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਸਰਕਾਰੀ ਹੁਕਮ ਠੁੱਸ

ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਵਿੱਤ ਮੰਤਰੀ ਨੇ ਇਹ ਬਿਆਨ ਦਿੱਤਾ ਸੀ ਕਿ ਹਿਮਾਚਲ ਸਰਕਾਰ ਜੇਕਰ ਪੰਜਾਬ ਤੋਂ ਜਾ ਰਹੀਆਂ ਗੱਡੀਆਂ 'ਤੇ ਟੋਲ ਟੈਕਸ ਵਧਾਉਂਦੀ ਹੈ ਤਾਂ ਪੰਜਾਬ ਸਰਕਾਰ ਵੀ ਹਿਮਾਚਲ ਦੀਆਂ ਗੱਡੀਆਂ 'ਤੇ ਇਹ ਟੈਕਸ ਲਗਾਵੇ। ਕਿਉਂਕਿ ਵਧੇਰੇ ਕਰਕੇ ਪੰਜਾਬ ਦੇ ਲੋਕ ਹਿਮਾਚਲ ਵਿਚ ਧਾਰਮਿਕ ਅਸਥਾਨਾਂ 'ਤੇ ਵੱਡੀ ਗਿਣਤੀ ਵਿਚ ਜਾਂਦੇ ਹਨ। ਉਨ੍ਹਾਂ ਵਲੋਂ ਵਧੇਰੇ ਕਰਕੇ ਆਪਣੇ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ ਕਾਰਾਂ ਆਦਿ। ਕਿਉਂਕਿ ਹਿਮਾਚਲ ਸਰਕਾਰ ਨੇ ਕਾਰਾਂ ਦੇ ਟੋਲ ਟੈਕਸ ਦੀ ਪਰਚੀ ਵਧਾ ਦਿੱਤੀ ਸੀ, ਪਰ ਪੰਜਾਬ ਵਿਧਾਨ ਸਭਾ ਵਿਚ ਉਠਾਏ ਗਏ ਮੁੱਦੇ ਦੇ ਨਤੀਜੇ ਵਜੋਂ ਹਿਮਾਚਲ ਵਿਚ ਕਾਫੀ ਹਲਚਲ ਵੇਖਣ ਨੂੰ ਮਿਲਦੀ ਰਹੀ, ਇਥੋਂ ਤੱਕ ਕਿ ਹਿਮਾਚਲ ਵਿਧਾਨ ਸਭਾ ਵਿਚ ਹਿਮਾਚਲ ਦੀ ਵਿਰੋਧੀ ਧਿਰ ਨੇ ਹਿਮਾਚਲ ਸਰਕਾਰ ਨੂੰ ਪੰਜਾਬ ਵਿੱਤ ਮੰਤਰੀ ਦੇ ਇਸ ਬਿਆਨ ਕਰਕੇ ਘੇਰਿਆ ਵੀ ਅਤੇ ਹਿਮਾਚਲ ਸਰਕਾਰ ਨੂੰ ਟੋਲ ਟੈਕਸ ਨਾ ਵਧਾਉਣ ਲਈ ਕਿਹਾ ਵੀ ਪਰ ਇਸ ਦੇ ਬਾਵਜੂਦ ਹਿਮਾਚਲ ਸਰਕਾਰ ਨੇ ਕਾਰਾਂ 'ਤੇ ਟੈਕਸ 70 ਤੋਂ ਵਧਾ ਕੇ 100 ਕਰ ਦਿੱਤਾ ਹੈ। ਹਿਮਾਚਲ ਦੇ ਮੁੱਖ ਮੰਤਰੀ ਵਲੋਂ ਤਰਕ ਇਹ ਦਿੱਤਾ ਗਿਆ ਕਿ ਉਨ੍ਹਾਂ ਨੇ 5 ਸੀਟਰ ਗੱਡੀਆਂ ਤੋਂ ਉੱਪਰ ਹੀ ਗੱਡੀਆਂ ਦੇ ਟੋਲ ਟੈਕਸ ਵਧਾਏ ਹਨ ਜਦਕਿ ਸਕੂਟਰ-ਮੋਟਰਸਾਈਕਲ 'ਤੇ ਕੋਈ ਟੈਕਸ ਨਹੀਂ ਲਿਆ ਜਾ ਸਕਦਾ। ਹੈਰਾਨੀ ਇਸ ਗੱਲ ਦੀ ਹੈ ਕਿ ਪਹਿਲਾਂ ਵੀ ਸਕੂਟਰ-ਮੋਟਰ ਸਾਈਕਲ 'ਤੇ ਕਦੋਂ ਟੋਲ ਟੈਕਸ ਲਿਆ ਜਾ ਰਿਹਾ ਸੀ ਜੋ ਹੁਣ ਬੰਦ ਕਰ ਦਿੱਤਾ ਹੈ। ਜੇਕਰ ਪੰਜਾਬ ਸਰਕਾਰ ਆਪਣੇ ਫ਼ੈਸਲੇ 'ਤੇ ਸਖ਼ਤ ਰਹਿੰਦੀ ਤਾਂ ਹਿਮਾਚਲ ਸਰਕਾਰ ਇਸ ਵਧਾਈ ਹੋਈ ਦਰ ਨੂੰ ਵਾਪਸ ਲੈਣ ਲਈ ਮਜਬੂਰ ਹੋ ਜਾਣਾ ਸੀ। ਫਿਲਹਾਲ ਸਰਕਾਰੀ ਹੁਕਮ ਠੁੱਸ ਹੀ ਨਜ਼ਰ ਆ ਰਹੇ ਹਨ।

-ਅਸ਼ੀਸ਼ ਸ਼ਰਮਾ
ਜਲੰਧਰ।

ਏ.ਆਈ. ਤਕਨਾਲੋਜੀ

ਅੱਜ ਦੇ ਡਿਜੀਟਲ ਯੁੱਗ ਵਿਚ ਏ.ਆਈ. ਤਕਨਾਲੋਜੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ ਅਤੇ ਕਈ ਖੇਤਰਾਂ ਵਿਚ ਇਸ ਦੀ ਵਰਤੋਂ ਵਧ ਰਹੀ ਹੈ। ਫੈਕਟਰੀਆਂ, ਬੈਂਕਾਂ, ਦਫ਼ਤਰਾਂ ਅਤੇ ਇਥੋਂ ਤੱਕ ਕਿ ਮੀਡੀਆ ਖੇਤਰ ਵਿਚ ਵੀ ਮਸ਼ੀਨਾਂ ਮਨੁੱਖੀ ਕੰਮ ਨੂੰ ਬਦਲ ਰਹੀਆਂ ਹਨ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੇ ਰੁਜ਼ਗਾਰ ਖੁਸਣ ਦਾ ਡਰ ਪੈਦਾ ਹੋ ਗਿਆ ਹੈ। ਇਕ ਪਾਸੇ ਏ.ਆਈ. ਕੰਮ ਨੂੰ ਤੇਜ਼, ਸਹੀ ਅਤੇ ਆਸਾਨ ਬਣਾਉਂਦੀ ਹੈ, ਪਰ ਦੂਜੇ ਪਾਸੇ ਇਹ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਵੀ ਜਨਮ ਦੇ ਰਹੀ ਹੈ। ਖ਼ਾਸ ਕਰਕੇ ਘੱਟ ਹੁਨਰ ਵਾਲੇ ਕਰਮਚਾਰੀਆਂ ਲਈ ਇਹ ਵੱਡੀ ਚੁਣੌਤੀ ਬਣ ਰਹੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੋ ਗਿਆ ਹੈ ਕਿ ਲੋਕਾਂ ਨੂੰ ਆਪਣੇ ਹੁਨਰਾਂ ਨੂੰ ਨਵੀਆਂ ਤਕਨਾਲੋਜੀਆਂ ਦੇ ਅਨੁਸਾਰ ਵਿਕਸਿਤ ਕਰਨਾ ਪਵੇਗਾ। ਸਰਕਾਰ ਨੂੰ ਵੀ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ, ਤਾਂ ਜੋ ਲੋਕ ਏ.ਆਈ. ਦੇ ਨਾਲ ਕੰਮ ਕਰਨ ਲਈ ਤਿਆਰ ਹੋ ਸਕਣ, ਨਾ ਕਿ ਉਸ ਨਾਲ ਮੁਕਾਬਲਾ ਕਰਨ ਲਈ। ਅੰਤ ਵਿਚ ਸਾਨੂੰ ਏ.ਆਈ. ਨੂੰ ਇਕ ਖ਼ਤਰੇ ਦੀ ਬਜਾਏ ਇਕ ਮੌਕੇ ਵਜੋਂ ਦੇਖਣਾ ਚਾਹੀਦਾ ਹੈ ਜੇ ਸਹੀ ਦਿਸ਼ਾ ਵਿਚ ਇਸ ਦੀ ਵਰਤੋਂ ਕੀਤੀ ਜਾਵੇ, ਤਾਂ ਇਹ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਵਿਚ ਸਹਾਇਕ ਸਾਬਤ ਹੋ ਸਕਦੀ ਹੈ।

-ਮਨਪ੍ਰੀਤ
ਜਲੰਧਰ।

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਮੁਲਾਜ਼ਮਾਂ ਨੂੰ ਸਮੇਂ ਸਿਰ ਪੈਨਸ਼ਨਾਂ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਰੋਸ ਅਗਲੀ ਖ਼ਬਰ ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ-ਲਗਭਗ ਐਗਜ਼ਿਟ ਪੋਲ ਏਜੰਸੀਆਂ ਦੇ ਦਾਅਵੇ ਸਹੀ ਸਾਬਤ ਹੋਏ
Ad Position 24