ਭੀਖੀ, 12 ਮਈ (ਬਲਕਾਰ ਸਿੰਘ ਸਹੋਤਾ)- ਸਥਾਨਕ ਗੁਰਦੁਆਰਾ ਚੌਂਕ 'ਚ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੀ ਮੁੱਖ ਪਾਈਪਲਾਈਨ 'ਚ ਰਿਸਾਓ ਹੋਣ ਕਾਰਨ ਜਿੱਥੇ ਗੁਰਦੁਆਰੇ ਸਾਹਮਣੇ ਵੱਡਾ ਖੱਡਾ ਬਣਿਆ ਹੋਇਆ ਹੈ, ਉੱਥੇ ਲੀਕੇਜ ਕਾਰਨ ਪਾਈਪਲਾਈਨ 'ਚ ਆਉਣ ਵਾਲੇ ਗੰਧਲੇ ਪਾਣੀ ਕਾਰਨ ਲੋਕ ਕਈ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ | ਖੱਬੇ ਪੱਖੀ ਆਗੂ ਧਰਮਪਾਲ ਨੀਟਾ ਨੇ ਕਿਹਾ ਕਿ ਸ਼ਹਿਰ 'ਚ ਅਖੌਤੀ ਵਿਕਾਸ ਕਾਰਨ ਸ਼ਹਿਰਵਾਸੀਆਂ ਨੂੰ ਥਾਂ-ਥਾਂ ਪੁੱਟੇ ਟੋਇਆਂ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਲੰਬੇ ਸਮੇਂ ਤੋਂ ਗੁਰਦੁਆਰਾ ਚੌਂਕ 'ਚ ਵਾਟਰ ਸਪਲਾਈ ਪਾਈਪਲਾਈਨ 'ਚ ਲੀਕੇਜ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ | ਉਨ੍ਹਾਂ ਆਖਿਆ ਕਿ ਉਕਤ ਸਮੱਸਿਆ ਸੰਬੰਧੀ ਨਗਰ ਪੰਚਾਇਤ ਅਤੇ ਵਾਟਰ ਸਪਲਾਈ ਵਿਭਾਗ ਦੇ ਵਾਰ-ਵਾਰ ਧਿਆਨ 'ਚ ਲਿਆਉਣ ਦੇ ਬਾਵਜੂਦ ਨਾ ਤਾਂ ਲੀਕੇਜ ਬੰਦ ਕੀਤੀ ਜਾ ਰਹੀ ਹੈ ਅਤੇ ਨਾ ਹੀ ਟੋਏ ਭਰੇ ਜਾ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ | ਉੱਧਰ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਪਰਵਿੰਦਰ ਗੋਰਾ ਨੇ ਦੱਸਿਆ ਕਿ ਵਾਟਰ ਸਪਲਾਈ ਪਾਈਪਲਾਈਨ ਦੀ ਮੁਰੰਮਤ ਲਈ ਨਗਰ ਪੰਚਾਇਤ ਨੇ ਆਪਣੇ ਪੱਧਰ 'ਤੇ ਪਾਈਪਲਾਈਨ ਨੂੰ ਨੰਗਿਆਂ ਕਰ ਕੇ ਵਾਟਰ ਸਪਲਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਪ੍ਰੰਤੂ ਉਨ੍ਹਾਂ ਵਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮੁੱਖ ਰੋਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਅਤੇ ਰਾਮ ਬਾਗ਼ ਰੋਡ ਦਾ ਨਵ-ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਗੰਦੇ ਪਾਣੀ ਦੇ ਨਿਕਾਸ ਲਈ 76 ਲੱਖ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਵੀ ਪਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਲੀਕੇਜ ਦੀ ਮੁਰੰਮਤ ਵੀ ਜਲਦੀ ਹੋ ਜਾਵੇਗੀ | ਦੂਜੇ ਪਾਸੇ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਜੇ.ਈ. ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਹੋਣ ਕਾਰਨ ਪਾਈਪਲਾਈਨ ਦੀ ਮੁਰੰਮਤ ਨਹੀਂ ਕੀਤੀ ਜਾ ਸਕੀ, ਜੋ ਜਲਦੀ ਕਰਵਾ ਦਿੱਤੀ ਜਾਵੇਗੀ |
ਪਾਈਪਲਾਈਨ 'ਚੋਂ ਪਾਣੀ ਰਿਸਣ ਕਾਰਨ ਸ਼ਹਿਰ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ
ਅਜੀਤ ਡੈਸਕ
13-05-2026