ਝੁਨੀਰ, 12 ਮਈ (ਸੰਜੀਵ ਸਿੰਗਲਾ)- ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਦਾ ਹੱਕ ਖੋਹਣ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ 15 ਮਈ ਨੂੰ ਗਵਰਨਰ ਹਾਊਸ ਵੱਲ ਮਾਰਚ ਦੀਆਂ ਤਿਆਰੀਆਂ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਨੇੜਲੇ ਪਿੰਡ ਰਾਮਾਨੰਦੀ ਵਿਖੇ ਇਕੱਠ ਕੀਤਾ ਗਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਸੱਤਾਧਾਰੀ ਸਰਕਾਰਾਂ ਵਲੋਂ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸੰਵਿਧਾਨ ਦੀ ਧਾਰਾ 78, 79 ਤੇ 80 ਨੂੰ ਲਾਗੂ ਕਰ ਕੇ ਰਾਜ ਦੇ ਹੱਕਾਂ 'ਤੇ ਡਾਕਾ ਮਾਰਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਉਕਤ ਧਰਾਵਾਂ ਨੂੰ ਫ਼ੌਰੀ ਰੱਦ ਕਰਨ ਦੇ ਨਾਲ ਹੀ ਰਾਜ ਦੇ ਪਾਣੀਆਂ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਹਰ ਘਰ ਨੂੰ ਪੀਣ ਵਾਲਾ ਪਾਣੀ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਦੇਣਾ ਸਮੇਂ ਦੀ ਲੋੜ ਹੈ | ਬਲਾਕ ਪ੍ਰਧਾਨ ਤੇਜਾ ਸਿੰਘ ਰਾਮਾਨੰਦੀ, ਪਿੰਡ ਪ੍ਰਧਾਨ ਬੂਟਾ ਸਿੰਘ, ਜਗਜੀਤ ਸਿੰਘ, ਅਜੈਬ ਸਿੰਘ, ਕਾਕਾ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਅਮਰੀਕ ਸਿੰਘ, ਰਾਜੂ ਸਿੰਘ, ਗੱਗ ਸਿੰਘ, ਸੀਰਾ ਸਿੰਘ ਆਦਿ ਹਾਜ਼ਰ ਸਨ |