ਵਾਰਡਬੰਦੀ ਕਾਰਨ ਲੋਕ ਭੰਬਲਭੂਸੇ 'ਚ, 30 ਹਜ਼ਾਰ 330 ਵੋਟਰ ਕਰਨਗੇ ਵੋਟ ਦਾ ਇਸਤੇਮਾਲ
ਅਜੀਤ ਡੈਸਕ
13-05-2026
ਬਰੇਟਾ ਨਗਰ ਕੌਂਸਲ ਦੀਆਂ ਚੋਣਾਂ ਲੜਨ ਲਈ ਚਾਹਵਾਨ ਵਿੱਢਣ ਲੱਗੇ ਤਿਆਰੀਆਂ
ਬਰੇਟਾ, 12 ਮਈ (ਜੀਵਨ ਸ਼ਰਮਾ)- ਸਥਾਨਕ 13 ਵਾਰਡਾਂ ਵਾਲੀ ਨਗਰ ਕੌਂਸਲ ਦੀਆਂ ਆਮ ਚੋਣਾਂ ਲਈ ਚੋਣਾਂ ਦਾ ਐਲਾਨ ਹੁੰਦਿਆਂ ਹੀ ਚਾਹਵਾਨਾਂ ਵਲੋਂ ਚੋਣ ਮੈਦਾਨ ਵਿਚ ਉੱਤਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ | ਸੰਭਾਵੀ ਉਮੀਦਵਾਰਾਂ ਵਲੋਂ ਸਮਰਥਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ | ਸ਼ਹਿਰ 'ਚ ਚੋਣ ਲੜਨ ਵਾਲੇ ਉਮੀਦਵਾਰਾਂ ਸਬੰਧੀ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ | ਦੱਸਣਯੋਗ ਹੈ ਕਿ ਇਸ ਨਗਰ ਕੌਂਸਲ ਦੇ ਵਾਰਡ ਸ਼ਹਿਰ ਅਤੇ ਪਿੰਡ ਵਿਚਕਾਰ ਵੰਡੇ ਹੋਏ ਹਨ | ਸ਼ਹਿਰ ਵਾਲੇ ਪਾਸੇ 1, 2, 3, 4, 5, 11, 12 ਅਤੇ 13 ਨੰਬਰ ਵਾਰਡ ਹਨ ਜਦਕਿ ਰੇਲਵੇ ਲਾਇਨ ਦੇ ਪਾਰ ਪਿੰਡ ਵਾਲੇ ਪਾਸੇ 6, 7, 8, 9 ਅਤੇ 10 ਨੰਬਰ ਵਾਰਡ ਹਨ | ਉਕਤ ਵਾਰਡਾਂ 'ਚ 1, 3, 5, 7 ਜਰਨਲ ਇਸਤਰੀ, 9 ਅਤੇ 11 ਅਨੁਸੂਚਿਤ ਜਾਤੀ ਇਸਤਰੀ ਲਈ, 12 ਪਛੜੀ ਸ਼ੇ੍ਰਣੀ ਲਈ, 2 ਅਤੇ 13 ਅਨੁਸੂਚਿਤ ਜਾਤੀ ਲਈ ਅਤੇ 4, 6, 8 ਅਤੇ 10 ਜਰਨਲ ਹਨ | ਕੁੱਲ 13 ਵਾਰਡਾਂ ਦੀਆਂ 14149 ਵੋਟਾਂ ਹਨ, ਜਿਸ ਵਿਚ ਮਰਦ ਵੋਟ 7425 ਅਤੇ ਔਰਤ ਵੋਟ 6724 ਹਨ | ਚੋਣ ਲੜਨ ਦੇ ਚਾਹਵਾਨਾਂ ਵਲੋਂ ਕਾਗ਼ਜ਼ਾਂ ਦੀਆਂ ਤਿਆਰੀ ਦੀ ਜਾਣਕਾਰੀ ਲਈ ਨਗਰ ਕੌਂਸਲ ਦਫ਼ਤਰ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ | 13 ਮਈ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ | ਉਮੀਦਵਾਰ ਆਜ਼ਾਦ ਜਾਂ ਕਿਸੇ ਰਾਜਨੀਤਕ ਪਾਰਟੀ ਵਲੋਂ ਚੋਣ ਲੜਦੇ ਹਨ ਵੀ ਅਗਲੇ ਦਿਨਾਂ ਵਿਚ ਸਾਫ਼ ਹੋ ਜਾਵੇਗਾ |