ਬੁਢਲਾਡਾ, 14 ਮਈ (ਸਵਰਨ ਸਿੰਘ ਰਾਹੀ)- ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ ਇਫਕੋ ਵਲੋਂ ਮਿੱਟੀ ਪਰਖ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫਕੋ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਉਦੇਸ਼ ਅਤੇ ਮਹੱਤਵ ਬਾਰੇ ਦੱਸਦਿਆਂ ਮਿੱਟੀ ਦੇ ਜ਼ਰੂਰੀ ਤੇ ਪੌਸ਼ਟਿਕ ਤੱਤਾਂ ਦੀ ਭੂਮਿਕਾ 'ਤੇ ਵਿਸਥਾਰ ਸਹਿਤ ਚਰਚਾ ਕੀਤੀ | ਉਨ੍ਹਾਂ ਨੈਨੋ ਉਤਪਾਦਾਂ ਦੀ ਵਰਤੋਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ | ਸ੍ਰੀ ਗੁਪਤਾ ਨੂੰ ਇਫਕੋ ਦੇ ਹੋਰ ਉਤਪਾਦਾਂ ਸਾਗਰਿਕਾ ਤਰਲ, ਸਾਗਰਿਕਾ ਗ੍ਰੈਨਿਊਲ, ਐਨ.ਪੀ.ਕੇ. ਕੰਸੋਰਟੀਆ, ਡਬਲਯੂ.ਐਸ. ਐਫ., ਜ਼ੈਡ. ਐਨ. ਐਮ. ਜੀ. ਐਸ.ਓ.4 ਬਾਰੇ ਵੀ ਦੱਸਿਆ | ਐਸ.ਐਫ.ਏ. ਹਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਦੇ ਨਮੂਨੇ ਇਕੱਠੇ ਕਰਨ ਬਾਰੇ ਸਮਝਾਉਂਦਿਆਂ ਕਿਹਾ ਕਿ ਉਹ ਮਿੱਟੀ ਦੀ ਪਰਖ ਕਰਵਾ ਕਿ ਬੇਲੋੜੀਆਂ ਖਾਦਾਂ ਅਤੇ ਸਪਰੇਆਂ ਦੇ ਖ਼ਰਚੇ ਤੋਂ ਬਚਣ ਦੇ ਨਾਲ-ਨਾਲ ਧਰਤੀ ਦੀ ਸਿਹਤ ਵੀ ਤੰਦਰੁਸਤ ਰੱਖ ਸਕਦੇ ਹਨ | ਗੁਰਮੀਤ ਸਿੰਘ ਗਾਗੋਵਾਲ ਡੀ.ਸੀ.ਯੂ. ਮੈਨੇਜਰ ਮਾਨਸਾ ਨੇ ਸਹਿਕਾਰਤਾ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਬੀਰੋਕੇ ਕਲਾਂ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ, ਰਾਜਵਿੰਦਰ ਸਿੰਘ ਸਕੱਤਰ ਸਭਾ ਅਤੇ ਏ.ਜੀ.ਟੀ. ਅਜੇ ਕੁਮਾਰ ਨੇ ਕਿਸਾਨਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ |