ਸਰਦੂਲਗੜ੍ਹ, 14 ਮਈ (ਜੀ.ਐਮ. ਅਰੋੜਾ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵਲੋਂ ਅਮਰੀਕੀ ਸਾਮਰਾਜ ਅਤੇ ਅੰਬਾਨੀ, ਅਡਾਨੀ ਦੇ ਦਬਾਅ ਹੇਠ ਲਏ ਜਾ ਰਹੇ ਦੇਸ਼ ਵਿਰੋਧੀ ਫ਼ੈਸਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਕਾਰਨ ਦੇਸ਼ ਆਰਥਿਕ ਮੰਦਹਾਲੀ 'ਚ ਫਸ ਚੁੱਕਾ ਹੈ, ਜਿਸ ਕਰ ਕੇ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਡੀਜ਼ਲ, ਪੈਟਰੋਲ, ਗੈਸ ਆਦਿ ਦੀ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰਨਾ ਪਵੇਗਾ | ਕਾ. ਪਾਸਲਾ ਨੇ ਪਾਰਟੀ ਵਲੋਂ ਆਉਂਦੇ ਸਮੇਂ 'ਚ ਉਲੀਕੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 18 ਮਈ ਨੂੰ ਸੂਬੇ ਦੀਆਂ 90 ਥਾਵਾਂ 'ਤੇ ਪੈਟਰੋਲ, ਗੈਸ, ਡੀਜ਼ਲ ਆਦਿ ਦੀਆਂ ਕੀਮਤਾਂ ਵਧਾਉਣ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾਣਗੇ | ਕੇਂਦਰ ਅਤੇ ਰਾਜ ਸਰਕਾਰ ਖ਼ਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ 19 ਮਈ ਤੋਂ 28 ਮਈ ਤੱਕ 'ਲੋਕਾਂ ਕੋਲ ਚੱਲੋ' ਮੁਹਿੰਮ ਦੇ ਤਹਿਤ 5 ਹਜ਼ਾਰ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰ ਲਾਲ ਚੰਦ, ਗੁਰਦੇਵ ਸਿੰਘ ਲੋਹਗੜ੍ਹ, ਆਤਮਾ ਰਾਮ ਸਰਦੂਲਗੜ੍ਹ, ਮਨਦੀਪ ਸਿੰਘ, ਬੰਸੀ ਲਾਲ, ਗੁਰਪ੍ਰੀਤ ਸਿੰਘ, ਵਿਕਰਮ ਸਿੰਘ ਆਦਿ ਹਾਜ਼ਰ ਸਨ |