23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਾਮਜ਼ਦਗੀ ਪੱਤਰਾਂ ਨੂੰ ਲੈ ਕੇ ਵਿਧਾਇਕ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਕੀਤੀ ਧੱਕਾ-ਮੁੱਕੀ

Ad Position 21
No active advertisement
ਅਜੀਤ ਡੈਸਕ 19-05-2026
ਮਾਨਸਾ, 18 ਮਈ (ਬਲਵਿੰਦਰ ਸਿੰਘ ਧਾਲੀਵਾਲ, ਰਾਵਿੰਦਰ ਸਿੰਘ ਰਵੀ)- ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮੌਕੇ ਸਥਾਨਕ ਐਸ.ਡੀ.ਐਮ. ਦਫ਼ਤਰ ਅੱਗੇ ਉਦੋਂ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰਾਂ ਦੇ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦੀ ਆਮਦ ਦਾ ਵਿਰੋਧ ਕਰ ਦਿੱਤਾ | ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਵਿਧਾਇਕ ਦੇ ਇਸ਼ਾਰੇ 'ਤੇ ਸਿਆਸੀ ਦਬਾਅ ਅਧੀਨ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣਗੇ | ਮਹੱਤਵਪੂਰਨ ਵਾਰਡ 18 ਦੇ ਉਮੀਦਵਾਰ ਅਰਪਿਤ ਚੌਧਰੀ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਚਰਚਾ ਚੱਲੀ ਤਾਂ ਉਨ੍ਹਾਂ ਦੇ ਸਮਰਥਕ ਰਾਜਸੀ ਧਿਰਾਂ ਦੇ ਨੁਮਾਇੰਦੇ ਭੜਕ ਉੱਠੇ | ਉਨ੍ਹਾਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਹ ਵਿਧਾਇਕ ਤੇ ਉਸ ਦੇ ਪੀ.ਏ. ਨਾਲ ਵੀ ਉਲਝ ਗਏ | ਵਿਧਾਇਕ ਨਾਲ ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਤੇ ਉਮੀਦਵਾਰ ਅਰਪਿਤ ਚੌਧਰੀ ਅਤੇ ਹੋਰਾਂ 'ਚ ਹਲਕੀ ਝੜਪ ਹੋ ਗਈ | ਧੱਕਾ-ਮੁੱਕੀ ਵੀ ਹੋਈ ਅਤੇ ਲੋਕਾਂ ਨੇ ਵਿਧਾਇਕ ਨੂੰ ਘੇਰ ਲਿਆ | ਦੋਵੇਂ ਪੱਖਾਂ 'ਚ ਕਾਫ਼ੀ ਦੇਰ ਤੱਕ ਤਕਰਾਰ ਚੱਲਦੀ ਰਹੀ | ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਦੀ ਅਗਵਾਈ 'ਚ ਪੁਲਿਸ ਨੇ ਸਥਿਤੀ ਨੂੰ ਮਸਾਂ ਸੰਭਾਲਿਆ ਅਤੇ ਵਿਧਾਇਕ ਨੂੰ ਪੁਲਿਸ ਬਚਾਅ ਕੇ ਗੱਡੀ ਤੱਕ ਲੈ ਗਈ | ਦੋਵੇਂ ਧਿਰਾਂ ਵਲੋਂ ਇਕ-ਦੂਜੇ 'ਤੇ ਦੂਸ਼ਣਬਾਜ਼ੀ ਵੀ ਕੀਤੀ ਗਈ | ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨੇ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ ਲਗਾ ਲਿਆ | ਸ਼ਾਮ ਵੇਲੇ ਜਦੋਂ ਪ੍ਰਸ਼ਾਸਨ ਵਲੋਂ ਸਾਰੇ ਉਮੀਦਵਾਰਾਂ ਦੇ ਕਾਗ਼ਜ਼ਾਤ ਸਹੀ ਪਾਏ ਜਾਣ ਦੀ ਸੂਚਨਾ ਦਿੱਤੀ ਗਈ ਤਾਂ ਧਰਨਾ ਚੁੱਕਿਆ ਗਿਆ | ਧਰਨੇ 'ਚ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਕਾਂਗਰਸ ਆਗੂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ ਤੇ ਚਮਕੌਰ ਸਿੰਘ ਸਿੱਧੂ ਮੂਸੇਵਾਲਾ, ਸੀ.ਪੀ.ਆਈ. ਦੇ ਕਾ. ਕਿ੍ਸ਼ਨ ਚੌਹਾਨ, 21 ਮੈਂਬਰੀ ਸੰਘਰਸ਼ ਕਮੇਟੀ ਦੇ ਧੰਨਾ ਮੱਲ ਗੋਇਲ, ਹਰਿੰਦਰ ਸ਼ਰਮਾ, ਮਾਨਿਕ ਗੋਇਲ, ਹਰਿੰਦਰ ਸਿੰਘ ਮਾਨਸ਼ਾਹੀਆ ਆਦਿ ਹਾਜ਼ਰ ਸਨ | ਉੱਧਰ ਵਿਧਾਇਕ ਡਾ. ਸਿੰਗਲਾ ਨੇ 'ਅਜੀਤ' ਵਲੋਂ ਸੰਪਰਕ ਕਰਨ 'ਤੇ ਦੱਸਿਆ ਕਿ ਨਾਮਜ਼ਦਗੀ ਪੱਤਰ ਰੱਦ ਜਾਂ ਮਨਜ਼ੂਰ ਕਰਨਾ ਪ੍ਰਸ਼ਾਸਨ ਅਤੇ ਅਧਿਕਾਰੀਆਂ ਦਾ ਕੰਮ ਹੈ, ਜਿਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ | ਉਨ੍ਹਾਂ ਆਖਿਆ ਕਿ ਕੁਝ ਲੋਕਾਂ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਾਣ-ਬੁੱਝ ਕੇ ਸ਼ੋਰ-ਸ਼ਰਾਬਾ ਕੀਤਾ | ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦੇ ਲੜਾਈ-ਝਗੜੇ 'ਚ ਵਿਸ਼ਵਾਸ ਨਹੀਂ ਰੱਖਦੇ ਅਤੇ ਜੇਕਰ ਕੋਈ ਵਿਅਕਤੀ ਨਿੱਜੀ ਤੌਰ 'ਤੇ ਗੱਲ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਲਈ ਵੀ ਤਿਆਰ ਹਨ |
Ad Position 22
No active advertisement
ਪਿਛਲੀ ਖ਼ਬਰ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਹਲਕੇ 'ਚ ਕੀਤੇ ਜਾਣਗੇ ਗੁਪਤ... ਅਗਲੀ ਖ਼ਬਰ ਆਰ.ਐਮ.ਪੀ.ਆਈ. ਅਤੇ ਲਿਬਰੇਸ਼ਨ ਨੇ ਗੈਸ, ਤੇਲ ਦੇ ਰੇਟਾਂ 'ਚ ਕੀਤੇ ਵਾਧੇ ਖਿਲਾਫ ਕੀਤਾ ਪ੍ਰਦਰਸ਼ਨ <br/>
Ad Position 24