ਮਾਨਸਾ, 21 ਮਈ (ਰਾਵਿੰਦਰ ਸਿੰਘ ਰਵੀ)- 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦੀ ਦੂਜੀ ਰਿਹਰਸਲ ਹੋਈ | ਜ਼ਿਲ੍ਹਾ ਚੋਣ ਅਫ਼ਸਰ- ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਚੋਣਾਂ ਦੇ ਕੰਮ-ਕਾਜ ਨੂੰ ਬਿਨਾਂ ਕਿਸੇ ਤਰੁੱਟੀ ਦੇ ਮੁਕੰਮਲ ਕਰਨਾ ਚੋਣ ਅਮਲੇ ਦੀ ਮੁੱਖ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਰਿਹਰਸਲ ਦਾ ਮੁੱਖ ਮਕਸਦ ਸਟਾਫ਼ ਨੂੰ ਵੋਟਿੰਗ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼ਾਂ ਨੂੰ ਭਰਨ ਅਤੇ ਚੋਣਾਂ ਨਾਲ ਸਬੰਧਿਤ ਹੋਰ ਤਕਨੀਕੀ ਨੁਕਤਿਆਂ ਬਾਰੇ ਬਾਰੀਕੀ ਨਾਲ ਜਾਣੂ ਕਰਵਾਉਣਾ ਹੈ, ਤਾਂ ਜੋ ਪੋਲਿੰਗ ਵਾਲੇ ਦਿਨ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ | ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਵਲੋਂ ਸਮੂਹ ਚੋਣ ਸਟਾਫ਼ ਨੂੰ ਡਿਊਟੀ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਅਧਿਕਾਰੀਆਂ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ |