ਮਾਨਸਾ, 26 ਮਈ (ਬਲਵਿੰਦਰ ਸਿੰਘ ਧਾਲੀਵਾਲ)- ਐਡਵੋਕੇਟ ਜਸਵਿੰਦਰ ਸਿੰਘ ਚਹਿਲ ਦਾ ਪਲੇਠਾ ਨਾਵਲ 'ਸੋ ਕਿਉ ਮੰਦਾ ਆਖੀਐ' ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਵਲੋਂ ਜਾਰੀ ਕੀਤਾ ਗਿਆ | ਉਨ੍ਹਾਂ ਲੇਖਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਦੌਰ 'ਚ ਲੋੜ ਹੈ ਕਿ ਸਮਾਜਿਕ ਅਲਾਮਤਾਂ ਖ਼ਿਲਾਫ਼ ਆਵਾਜ਼ ਉਠਾਉਣ ਦੀ | ਇਹ ਨਾਵਲ ਸਮਾਜ ਦੇ ਕਈ ਪੱਖਾਂ ਨੂੰ ਛੂਹਦਾ ਹੈ, ਜੋ ਜਾਤ-ਪਾਤ, ਅਸਮਾਨਤਾ ਖ਼ਾਸ ਕਰ ਕੇ ਔਰਤ ਜਾਤ ਨਾਲ ਜੁੜੀਆਂ ਸੰਵੇਦਨਸ਼ੀਲ ਸਮੱਸਿਆਵਾਂ ਨੂੰ ਉਭਾਰਦਾ ਹੈ | ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਝੁਨੀਰ ਦੇ ਸਹਾਇਕ ਪ੍ਰੋਫੈਸਰ ਹਰਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੇਵਾ ਮੁਕਤ ਫ਼ੌਜੀ ਜਵਾਨ ਲੇਖਕ ਜੋ ਪੇਸ਼ੇ ਵਜੋਂ ਵਕੀਲ ਹੈ, ਨੇ ਨਾਵਲ ਵਰਗੀ ਔਖੀ ਵਿਧਾ ਨੂੰ ਅਪਣਾ ਕੇ ਪਹਿਲੇ ਕਦਮ 'ਚ ਹੀ ਪਰਪੱਕ ਲੇਖਕ ਹੋਣ ਦਾ ਪ੍ਰਮਾਣ ਪੇਸ਼ ਕੀਤਾ ਹੈ |