ਜੋਗਾ, 1 ਜੂਨ (ਮਨਜੀਤ ਸਿੰਘ ਘੜੈਲੀ)- ਜੋਗਾ ਨਗਰ ਪੰਚਾਇਤ ਦੀ ਚੋਣ 'ਚ ਜੇਤੂ ਰਹੇ ਸਾਂਝੇ ਮੋਰਚੇ ਦੇ 9 ਐਮ. ਸੀ. ਵਲੋਂ ਡੇਰਾ ਬਾਬਾ ਭਾਈ ਹਜ਼ੂਰੀ ਜੋਗਾ ਵਿਖੇ ਜਿੱਤ ਦੀ ਖ਼ੁਸ਼ੀ 'ਚ ਸ਼ੁਕਰਾਨਾ ਅਰਦਾਸ ਕਰਵਾਈ ਗਈ | ਵੱਡੀ ਗਿਣਤੀ 'ਚ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਜੇਤੂ ਉਮੀਦਵਾਰਾਂ ਨੇ ਇਸ ਵੱਡੀ ਜਿੱਤ ਨੂੰ ਸਮੁੱਚੇ ਨਗਰ ਦੀ ਜਿੱਤ ਆਖਦਿਆਂ ਵਾਅਦਾ ਕੀਤਾ ਕਿ ਉਹ ਸਾਰੇ ਨਗਰ 'ਚ ਬਿਨਾਂ ਕਿਸੇ ਵਿਤਕਰੇ ਦੇ ਵਿਕਾਸ ਕਾਰਜ ਕਰਨਗੇ ਅਤੇ ਕਿਸੇ ਨਾਲ ਵੀ ਭੇਦ-ਭਾਵ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਗਰ 'ਚ ਸੀਵਰੇਜ ਦੀ ਸਮੱਸਿਆ, ਪੀਣ ਵਾਲੇ ਪਾਣੀ ਦੀ ਸਮੱਸਿਆ, ਬੱਚਿਆਂ ਲਈ ਖੇਡਾਂ ਲਈ ਵਧੀਆ ਕੋਚਿੰਗ ਦਾ ਪ੍ਰਬੰਧ ਆਦਿ ਉਪਰਾਲਿਆਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ | ਨਸ਼ਿਆਂ ਖਿਲਾਫ ਅਤੇ ਗਲਤ ਅਨਸਰਾਂ ਖਿਲਾਫ ਸਖ਼ਤੀ ਨਾਲ ਨੱਥ ਪਾਈ ਜਾਵੇਗੀ | ਸਾਂਝੇ ਮੋਰਚੇ ਦੇ ਜੇਤੂ 9 ਉਮੀਦਵਾਰਾਂ ਵਲੋਂ ਆਪਸੀ ਸਹਿਮਤੀ ਨਾਲ ਨਗਰ ਪੰਚਾਇਤ ਦੇ ਪ੍ਰਧਾਨਗੀ ਪਦ ਲਈ ਅਮਰਜੀਤ ਸਿੰਘ ਗੋਗਾ ਨੂੰ ਆਪਣਾ ਨੇਤਾ ਚੁਣਿਆ ਗਿਆ | ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨਗੀ ਪਦ ਲਈ ਰਾਜਿੰਦਰ ਸਿੰਘ ਮਿੰਟੂ ਅਤੇ ਮੀਤ ਪ੍ਰਧਾਨ ਵਜੋਂ ਗੁਰਦੇਵ ਸਿੰਘ ਈਨਾ ਦੇ ਨਾਵਾਂ ਦਾ ਐਲਾਨ ਸਟੇਜ ਤੋਂ ਰਾਜਿੰਦਰ ਸਿੰਘ ਐਮ. ਸੀ. ਨੇ ਕੀਤਾ | ਸਮਾਗਮ ਦੌਰਾਨ ਜਗਦੇਵ ਸਿੰਘ ਲੱਧੜ, ਜਗਤਾਰ ਸਿੰਘ ਜੋਗਾ, ਜਥੇਦਾਰ ਗੁਰਜੀਤ ਸਿੰਘ ਧੂਰਕੋਟੀਆ, ਜਥੇਦਾਰ ਦਰਸ਼ਨ ਸਿੰਘ, ਰਾਜਿੰਦਰ ਸਿੰਘ ਮਿੰਟੂ, ਅਮਰਜੀਤ ਸਿੰਘ ਗੋਗਾ, ਗੁਰਤੇਜ ਸਿੰਘ ਸਾਬਕਾ ਐਮ. ਸੀ. ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਸਾਂਝੇ ਮੋਰਚੇ ਦੇ ਜੇਤੂ ਉਮੀਦਵਾਰਾਂ ਅਮਰਜੀਤ ਸਿੰਘ ਗੋਗਾ, ਗੁਰਦੇਵ ਸਿੰਘ ਈਨਾ, ਰਾਜਿੰਦਰ ਸਿੰਘ ਮਿੰਟੂ, ਧੰਨਾ ਸਿੰਘ, ਜਸਵੀਰ ਸਿੰਘ, ਪਰਮਜੀਤ ਕੌਰ ਦਿਓਲ, ਕਿਰਨਜੀਤ ਕੌਰ, ਜਸਮੇਲ ਕੌਰ, ਕਰਮਜੀਤ ਕੌਰ ਨੂੰ ਨਗਰ ਦੇ ਪਤਵੰਤਿਆਂ ਵਲੋਂ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਦੇ ਫ਼ਰਜ਼ ਜਗਤਾਰ ਸਿੰਘ ਜੋਗਾ ਨੇ ਬਾਖ਼ੂਬੀ ਨਿਭਾਏ |