ਮਾਨਸਾ, 2 ਜੂਨ (ਵਿ.ਪ੍ਰਤੀ)- 'ਆਪ' ਸਰਕਾਰ ਦਾ ਕਿਸਾਨ ਅਤੇ ਮਜ਼ਦੂਰ ਵਿਰੋਧੀ ਚਿਹਰਾ ਪਹਿਲਾਂ ਹੀ ਲੋਕਾਂ ਸਾਹਮਣੇ ਆ ਚੁੱਕਾ ਹੈ ਪਰ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਪ੍ਰਤੀ ਵੀ ਸਰਕਾਰ ਦਾ ਰਵੱਈਆ ਨਿਰਾਸ਼ਾਜਨਕ ਹੈ | ਇਹ ਪ੍ਰਗਟਾਵਾ ਇੱਥੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਕੀਤਾ | ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀ ਸੁਣਵਾਈ ਦੌਰਾਨ 'ਆਪ' ਸਰਕਾਰ ਨੂੰ 30 ਜੂਨ ਤੱਕ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਲੰਬੇ ਸਮੇਂ ਤੋਂ ਬਕਾਇਆ ਮਹਿੰਗਾਈ ਭੱਤਾ ਜਾਰੀ ਕਰਨ ਹੁਕਮ ਦਿੱਤਾ ਗਿਆ ਸੀ ਪ੍ਰੰਤੂ ਇਸ ਦੇ ਖ਼ਿਲਾਫ਼ ਅਪੀਲ ਦਾਇਰ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਅਪੀਲ ਦੀ ਸੁਣਵਾਈ ਦੌਰਾਨ 25 ਮਈ ਨੂੰ ਸਰਕਾਰ ਵਲੋਂ ਬੰਦ ਲਿਫ਼ਾਫ਼ਾ ਰਿਪੋਰਟ ਹਾਈ ਕੋਰਟ 'ਚ ਪੇਸ਼ ਕੀਤੀ ਗਈ, ਜਿਸ ਰਿਪੋਰਟ 'ਚ ਸਰਕਾਰ ਨੇ ਦਾਅਵਾ ਕੀਤਾ ਕਿ ਪੁਲਿਸ ਦੇ ਸਿਪਾਹੀ, ਡਰਾਈਵਰ ਅਤੇ ਸਟੈਨੋ 42 ਫ਼ੀਸਦੀ ਮਹਿੰਗਾਈ ਭੱਤਾ ਪ੍ਰਾਪਤ ਕਰਦਿਆਂ ਵੀ ਕੇਂਦਰੀ ਮੁਲਾਜ਼ਮਾਂ ਨਾਲੋਂ ਵੱਧ ਤਨਖ਼ਾਹ ਲੈ ਰਹੇ ਹਨ ਜਦਕਿ ਕੇਂਦਰੀ ਮੁਲਾਜ਼ਮਾਂ ਨੂੰ 60 ਫ਼ੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰੀ ਕਰਮਚਾਰੀਆਂ ਨੂੰ ਲਗਭਗ 7 ਹਜ਼ਾਰ 500 ਰੁਪਏ ਪ੍ਰਤੀ ਮਹੀਨਾ ਰਾਸ਼ਨ ਮਨੀ ਮਿਲਦੀ ਹੈ, ਉੱਥੇ ਪੁਲਿਸ ਦੇ ਕਾਂਸਟੇਬਲ ਨੂੰ ਸਿਰਫ਼ 200 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ | ਉਨ੍ਹਾਂ ਮੰਗ ਕੀਤੀ ਕਿ 'ਆਪ' ਸਰਕਾਰ ਮਹਿੰਗਾਈ ਭੱਤੇ ਸੰਬੰਧੀ ਅਪੀਲ ਤੁਰੰਤ ਵਾਪਸ ਲੈ ਕੇ ਬਕਾਇਆ ਜਾਰੀ ਕਰੇ ਅਤੇ ਕੇਂਦਰ ਸਰਕਾਰ ਦੀ ਤਰਜ਼ 'ਤੇ ਰਾਸ਼ਨ ਮਨੀ, ਰਿਸਕ ਭੱਤਾ, ਮਕਾਨ ਕਿਰਾਇਆ ਭੱਤਾ ਆਦਿ ਹੋਰ ਸਹੂਲਤਾਂ ਵੀ ਲਾਗੂ ਕਰੇ |
'ਆਪ' ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਰਵੱਈਆ ਨਿਰਾਸ਼ਾਜਨਕ- ਸੋਢੀ <br/>
ਅਜੀਤ ਡੈਸਕ
03-06-2026