ਬੁਢਲਾਡਾ, 2 ਜੂਨ (ਸਵਰਨ ਸਿੰਘ ਰਾਹੀ)- ਹਲਕਾ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ-ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ ਬੀ.ਐਲ.ਓਜ. ਵਲੋਂ ਵੋਟਰ ਮੈਪਿੰਗ ਦਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਲਕੇ ਦੀ 95.94 ਪ੍ਰਤੀਸ਼ਤ ਵੋਟਰ ਮੈਪਿੰਗ ਹੋ ਚੁੱਕੀ ਹੈ, ਜੋ ਸੂਬੇ 'ਚੋਂ ਪਹਿਲੇ ਨੰਬਰ 'ਤੇ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਦੀ ਰਹਿਨੁਮਾਈ ਹੇਠ 7 ਜੂਨ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਹਲਕੇ ਦੇ ਕੁੱਲ 216 ਬੀ.ਐਲ.ਓ. ਆਪਣੇ ਬੂਥ 'ਤੇ ਸਪੈਸ਼ਲ ਕੈਂਪ ਲਗਾਉਣਗੇ | ਉਨ੍ਹਾਂ ਬੀ.ਐਲ.ਓਜ. ਨੂੰ ਹਦਾਇਤ ਕੀਤੀ ਕਿ ਰਹਿੰਦੇ ਵੋਟਰਾਂ ਦੀਆਂ ਵੋਟਾਂ ਦੀ ਮੈਪਿੰਗ ਕੈਂਪ ਦੌਰਾਨ ਕੀਤੀ ਜਾਵੇ | ਉਨ੍ਹਾਂ ਵੋਟਰਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਾਲੇ ਦਿਨ ਆਪਣੀ ਵੋਟ 2003 ਦੀ ਵੋਟਰ ਸੂਚੀ ਨਾਲ ਮੈਪ ਕਰਵਾਉਣ ਲਈ ਬੀ.ਐਲ.ਓਜ. ਦਾ ਸਹਿਯੋਗ ਕਰਨ | ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵਿਸ਼ੇਸ਼ ਗਹਿਰੀ ਸੁਧਾਈ 2026 ਦੇ ਪਹਿਲਾ ਜਾਰੀ ਸ਼ਡਿਊਲ 'ਚ ਅੰਸ਼ਿਕ ਸੋਧ ਕਰਦਿਆਂ ਰਿਵਾਇਜ਼ਡ ਸ਼ਡਿਊਲ ਜਾਰੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾ ਜਾਰੀ ਸ਼ਡਿਊਲ ਅਨੁਸਾਰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ 31 ਜੁਲਾਈ ਦੀ ਥਾਂ 3 ਅਗਸਤ ਨੂੰ ਕੀਤੀ ਜਾਵੇਗੀ | ਇਸ ਸਬੰਧੀ ਦਾਅਵੇ ਅਤੇ ਇਤਰਾਜ਼ 31 ਜੁਲਾਈ ਤੋਂ 30 ਅਗਸਤ ਦੀ ਬਜਾਏ ਹੁਣ 3 ਅਗਸਤ ਤੋਂ 2 ਸਤੰਬਰ ਤੱਕ ਪ੍ਰਾਪਤ ਕੀਤੇ ਜਾਣਗੇ ਜਦਕਿ ਇਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਬਾਕੀ ਸ਼ਡਿਊਲ ਉਸੇ ਤਰ੍ਹਾਂ ਜਾਰੀ ਰਹੇਗਾ, ਜਿਸ ਤਹਿਤ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਘਰ-ਘਰ ਜਾ ਕੇ ਵੋਟਰਾਂ ਨੂੰ ਇਨੁਮੀਰੇਸ਼ਨ ਫਾਰਮ ਵੰਡਣਗੇ ਅਤੇ ਸਬੰਧਿਤ ਵੋਟਰ ਪਾਸੋਂ ਲੋੜੀਂਦੀ ਜਾਣਕਾਰੀ ਭਰਵਾ ਕੇ ਹਸਤਾਖ਼ਰ ਸ਼ੁਦਾ ਫਾਰਮ ਇਕੱਤਰ ਕਰਨਗੇ | ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 1 ਅਕਤੂਬਰ ਨੂੰ ਕੀਤੀ ਜਾਵੇਗੀ |