ਭਗਤਾ ਭਾਈਕਾ, 12 ਜੂਨ (ਸੁਖਪਾਲ ਸਿੰਘ ਸੋਨੀ)-ਸ਼ਹਿਰ ਅੰਦਰ ਲਾਵਾਰਸ ਕੁੱਤਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਲੋਕਾਂ ਵਿਚ ਡਰ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ, ਗਲੀਆਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ 'ਚ ਲਾਵਾਰਸ ਕੁੱਤਿਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਕੁੱਤੇ ਰਾਹਗੀਰਾਂ ਦਾ ਪਿੱਛਾ ਕਰਦੇ ਹਨ ਅਤੇ ਵਾਹਨਾਂ ਦੇ ਅੱਗੇ ਆ ਜਾਣ ਕਾਰਨ ਹਾਦਸਿਆਂ ਨੂੰ ਵੀ ਅੰਜ਼ਾਮ ਦੇ ਰਹੇ ਹਨ | ਸ਼ਹਿਰ ਵਾਸੀਆਂ ਅਨੁਸਾਰ ਸਵੇਰੇ ਤੇ ਸ਼ਾਮ ਸੈਰ ਕਰਨ ਵਕਤ ਦੇ ਸਮੇਂ ਲਾਵਾਰਸ ਕੁੱਤਿਆਂ ਦੀ ਸਰਗਰਮੀ ਵੱਧ ਜਾਂਦੀ ਹੈ | ਕਈ ਥਾਵਾਂ 'ਤੇ ਕੁੱਤਿਆਂ ਦੇ ਝੁੰਡ ਆਪਸ 'ਚ ਲੜਦੇ ਹੋਏ ਵੀ ਨਜ਼ਰ ਆਉਂਦੇ ਹਨ, ਜਿਸ ਨਾਲ ਆਸ-ਪਾਸ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ | ਸਕੂਲੀ ਤੇ ਮਾਸੂਮ ਬੱਚਿਆਂ ਦੇ ਮਾਪੇ ਵੀ ਉਕਤ ਸਮੱਸਿਆ ਤੋਂ ਚਿੰਤਤ ਹਨ | ਸਥਾਨਕ ਸ਼ਹਿਰ ਦੇ ਨੌਜਵਾਨ ਨੇ ਦੱਸਿਆ ਕਿ ਲਾਵਾਰਸ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੀਆਂ ਕਈ ਘਟਨਾਵਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ | ਕਈ ਵਾਰ ਬਜ਼ੁਰਗ, ਝੱੁਗੀ ਝੌਂਪੜੀ ਵਾਲੇ ਤੇ ਛੋਟੇ ਬੱਚੇ ਕੁੱਤਿਆਂ ਦੇ ਹਮਲੇ ਤੋਂ ਬਚਣ ਲਈ ਦੌੜ ਪੈਂਦੇ ਹਨ, ਜਿਸ ਨਾਲ ਡਿੱਗ ਕੇ ਜ਼ਖ਼ਮੀ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ | ਸ਼ਹਿਰ ਦੇ ਬਰਨਾਲਾ ਰੋਡ ਉਪਰ ਹੱਡਾ ਰੋੜੀ ਤੇ ਕੂੜਾ ਡੰਪ ਦੀ ਮੁਕੰਮਲ ਚਾਰਦਿਵਾਰੀ ਨਾ ਹੋਣ ਕਾਰਨ ਵੀ ਲਾਵਾਰਸ ਕੁੱਤਿਆਂ ਦੀ ਗਿਣਤੀ ਵੱਧ ਰਹੀ ਹੈ | ਹੱਡਾ ਰੋੜੀ ਤੇ ਕੂੜੇ ਦੇ ਢੇਰਾਂ ਕੋਲ ਖਾਣ-ਪੀਣ ਦੀਆਂ ਵਸਤਾਂ ਮਿਲਣ ਕਾਰਨ ਕੁੱਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਜਾਂਦੇ ਹਨ | ਇਨ੍ਹਾਂ ਕੁੱਤਿਆਂ ਦੇ ਇਕੱਠੇ ਸੜਕ ਉਪਰ ਨਿਕਲਣ ਨਾਲ ਡਰਾਵਨਾ ਮਾਹੌਲ ਬਣ ਜਾਂਦਾ ਹੈ | ਸੜਕ ਉਪਰ ਇਕੱਤਰ ਕੁੱਤਿਆਂ ਕਾਰਨ ਕਈ ਵਾਰ ਕੁਝ ਸਮੇਂ ਲਈ ਛੋਟੇ ਵਹੀਕਲ, ਸਾਇਕਲ ਚਾਲਕ, ਪੈਦਲ ਚਾਲਕਾਂ ਦੀ ਰਫ਼ਤਾਰ ਨੂੰ ਬਰੇਕ ਲੱਗ ਜਾਂਦੇ ਹਨ | ਡੰਪ ਦੇ ਬਿਲਕੱੁਲ ਸਾਹਮਣੇ ਬਣੇ ਸ਼ਿਵ ਸ਼ਕਤੀ ਸੇਵਾ ਆਸ਼ਰਮ ਦੇ ਸੇਵਾਦਾਰਾਂ ਵਲੋਂ ਪਿਛਲੇ 15 ਸਾਲ ਤੋਂ ਲਗਾਏ ਜਾਂਦੇ ਲੰਗਰ ਨੂੰ ਵੀ ਲਾਵਾਰਸ ਕੁੱਤਿਆਂ ਅਤੇ ਡੰਪ ਦੀ ਸਮੱਸਿਆ ਕਾਰਨ ਬੰਦ ਕਰਨਾ ਪੈ ਗਿਆ | ਇਸੇ ਤਰ੍ਹਾਂ ਹੀ ਨਵੇਂ ਪੁਲ ਨੇੜੇ ਡਰੇਨ ਦੀ ਪਟੜੀ ਉਪਰ ਮੀਟ ਸ਼ਾਪ ਹੋਣ ਕਾਰਨ ਲਾਵਾਰਸ ਕੁੱਤਿਆਂ ਦੀ ਕਾਰਨ ਪਟੜੀ ਉਪਰ ਘਰਾਂ ਵਾਲੇ ਬੱਚਿਆਂ ਦੇ ਮਾਪਿਆਂ 'ਚ ਵੀ ਡਰ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ | ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਲਾਵਾਰਸ ਕੁੱਤਿਆਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਲਈ ਨਸਬੰਦੀ ਤੇ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ੀ ਨਾਲ ਚਲਾਇਆ ਜਾਣਾ ਚਾਹੀਦਾ ਹੈ | ਨਾਲ ਹੀ ਖ਼ਤਰਨਾਕ ਤੇ ਹਮਲਾਵਰ ਕੁੱਤਿਆਂ ਦੀ ਪਛਾਣ ਕਰਕੇ ਉਨ੍ਹਾਂ ਉੱਪਰ ਵਿਸ਼ੇਸ਼ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ | ਖ਼ਤਰਨਾਕ ਤੇ ਹਮਲਾਵਰ ਕੁੱਤਿਆਂ ਰੱਖਣ ਦੇ ਸ਼ੌਕੀਨ ਲੋਕਾਂ ਨੂੰ ਕੁੱਤੇ ਘਰ ਤੋਂ ਬਾਹਰ ਕੱਢਣ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ | ਇਸ ਸਮੱਸਿਆ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਵਾਰਸ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇ ਕਿਸੇ ਇਲਾਕੇ ਵਿਚ ਲਾਵਾਰਸ ਕੁੱਤਿਆਂ ਦੀ ਸਮੱਸਿਆ ਵੱਧ ਹੈ ਤਾਂ ਉਸ ਬਾਰੇ ਤੁਰੰਤ ਜਾਣਕਾਰੀ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ |