ਬਰੇਟਾ, 15 ਜੂਨ (ਜੀਵਨ ਸ਼ਰਮਾ)- ਨੇੜਲੇ ਪਿੰਡ ਧਰਮਪੁਰਾ ਵਿਖੇ ਹਿੰਦੁਸਤਾਨ ਪੈਟਰੋਲੀਅਮ ਪੈਟਰੋਲ ਪੰਪ 'ਤੇ ਆਮ ਪੈਟਰੋਲ ਨਾ ਮਿਲਣ ਕਾਰਨ ਖਪਤਕਾਰਾਂ ਨੂੰ ਮਹਿੰਗੇ ਭਾਅ ਦਾ ਪਾਵਰ ਪੈਟਰੋਲ ਖ਼ਰੀਦਣਾ ਪੈ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਇਸ ਪੰਪ 'ਤੇ ਆਮ ਪੈਟਰੋਲ ਖ਼ਤਮ ਹੋ ਚੁੱਕਿਆ ਹੈ ਅਤੇ ਹੁਣ ਪਾਵਰ ਪੈਟਰੋਲ ਜੋ ਆਮ ਪੈਟਰੋਲ ਨਾਲੋਂ 10 ਰੁਪਏ ਮਹਿੰਗਾ ਹੈ, ਆਪਣੇ ਵਾਹਨਾਂ 'ਚ ਪਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਤਰਾਂ ਖਪਤਕਾਰਾਂ ਦੀ ਜੇਬ 'ਤੇ ਮਾੜਾ ਅਸਰ ਪੈ ਰਿਹਾ ਹੈ | ਕਿਸਾਨ ਆਗੂ ਤਰਸੇਮ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਆਮ ਪੈਟਰੋਲ ਲੈਣ ਲਈ ਪਿੰਡ ਤੋਂ ਬਾਹਰ ਜਾਣਾ ਪੈ ਰਿਹਾ ਹੈ | ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਉਨ੍ਹਾਂ ਨੂੰ ਤੁਰੰਤ ਆਮ ਪੈਟਰੋਲ ਹੀ ਮੁਹੱਈਆ ਕਰਵਾਇਆ ਜਾਵੇ | ਇਸ ਸੰਬੰਧੀ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਉਨ੍ਹਾਂ ਨੂੰ ਆਮ ਪੈਟਰੋਲ ਨਹੀਂ ਮਿਲ ਰਿਹਾ, ਜਿਸ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ ਅਤੇ ਉਨ੍ਹਾਂ ਦੀ ਸੇਲ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ |