10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਭੀਖੀ ਨਹਿਰ ਵਿਚ ਮੁਰੰਮਤ ਉਪਰੰਤ ਮੁੜ ਫਿਰ ਉਸੇ ਥਾਂ ’ਤੇ ਪਿਆ ਪਾੜ, ਵਿਭਾਗ ਦੇ ਕਾਰਜ ਤੋਂ ਕਿਸਾਨ ਤੇ ਆਮ ਲੋਕਾਂ ‘ਚ ਰੋਸ

Ad Position 21
No active advertisement
ਅਜੀਤ ਡੈਸਕ 19-06-2026

ਭੀਖੀ, 18 ਜੂਨ (ਬਲਕਾਰ ਸਿੰਘ ਸਹੋਤਾ)- ਭੀਖੀ ਡਿਸਟ੍ਰੀਬਿਊਟਰੀ ਵਿਚ 13 ਜੂਨ ਦੀ ਸਵੇਰ ਕਰੀਬ 3 ਵਜੇ ਪਏ ਪਾੜ ਨੂੰ ਪੂਰਨ ਅਤੇ ਨਹਿਰ ਦੀ ਨੁਕਸਾਨ ਗ੍ਰਸਤ ਲਾਇਨਿੰਗ ਦੀ ਮੁਰੰਮਤ ਦਾ ਕਾਰਜ ਬੀਤੀ ਕੱਲ੍ਹ ਸ਼ਾਮ 8 ਵਜੇ ਦੇ ਕਰੀਬ ਤੱਕ ਚੱਲਦਾ ਰਿਹਾ ਅਤੇ ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਨਹਿਰ ਵਿਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਪ੍ਰੰਤੂ ਸੀਮਿੰਟ ਕੰਕਰੀਟ ਨਾਲ ਕੀਤੀ ਲਾਇੰਨਿੰਗ ਅਤੇ ਬੈੱਡ ਪਾਣੀ ਦਾ ਦਬਾਅ ਨਹੀਂ ਝੱਲ ਸਕੀ, ਜਿਸ ਨਾਲ ਮੁੜ ਪਹਿਲਾਂ ਵਾਲੀ ਥਾਂ ਤੋਂ ਹੀ ਨਹਿਰ ਟੁੱਟ ਗਈ, ਜਿਸ ਨੂੰ ਲੈ ਕੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਉਹ ਸਿੰਚਾਈ ਵਿਭਾਗ ਦੀ ਕਾਰਗੁਜ਼ਾਰੀ ਤੋਂ ਦੁਖੀ ਹੀ ਨਹੀਂ ਬਲਕਿ ਵਿਭਾਗ ਦੇ ਉਪ ਮੰਡਲ ਅਫ਼ਸਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਹਨ। ਮੁੜ ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਭੀਖੀ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਨਹਿਰ ‘ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਵਿਭਾਗ ਦੇ ਨਿਕੰਮੇਪਨ ਕਾਰਨ ਆਮ ਲੋਕ ਪ੍ਰੇਸ਼ਾਨ ਹੀ ਨਹੀਂ ਹੋ ਰਹੇ ਬਲਕਿ ਕਿਸਾਨਾਂ ਦਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ ਅਤੇ ਪਾਣੀ ਕਾਰਨ ਕਈ ਘਰ ਵੀ ਨੁਕਸਾਨੇ ਗਏ ਹਨ। ਦੂਸਰੇ ਪਾਸੇ ਨਗਰ ਪੰਚਾਇਤ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਹਿਰ ਹੇਠੋਂ ਪਾਈ ਜ਼ਮੀਨਦੋਜ਼ ਪਾਈਪਲਾਈਨ ਤੋਂ ਵੀ ਦੁਖੀ ਹਨ। ਉਨ੍ਹਾਂ ਨਗਰ ਪੰਚਾਇਤ ਨੂੰ ਇਸ ਵਰਤਾਰੇ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਨਗਰ ਪੰਚਾਇਤ ਵਲੋਂ ਪਾਈਪ ਨੂੰ ਪਾਉਣ ਸਮੇਂ ਵਰਤੀ ਅਣਗਹਿਲੀ ਦਾ ਖ਼ਮਿਆਜ਼ਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਰਸਾਗਰ ਸਿੰਘ ਚਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਇਨਿੰਗ ਵਿਚ ਕੁਝ ਲੀਕੇਜ ਹੋਈ ਹੈ, ਜਿਸ ਦੀ ਮੁਰੰਮਤ ਜਲਦੀ ਕਰ ਦਿੱਤੀ ਜਾਵੇਗੀ। ਦੂਸਰੇ ਪਾਸੇ ਉਪ ਮੰਡਲ ਅਫ਼ਸਰ ਸਤਿਗੁਰ ਸਿੰਘ ਨੇ ਫ਼ੋਨ ਚੁੱਕਣ ਦੀ ਜ਼ਹਿਮਤ ਨਹੀਂ ਕੀਤੀ ਜਦੋਂ ਕਿ ਪਾੜ ਦੇ ਨਾਲ ਲਗਵੀਂ ਜ਼ਮੀਨ ਵਾਲਾ ਕਿਸਾਨ ਮਹਿੰਦਰ ਸਿੰਘ ਢਿੱਲੋਂ ਭੁੱਬਾਂ ਮਾਰ ਕੇ ਰੋ ਰਿਹਾ ਸੀ ਕਿ ਮੇਰੀ ਜ਼ਮੀਨ ਦੇ ਨਾਲ ਨਾਲ ਝੋਨੇ ਦੀ ਪੌਦ ਅਤੇ ਘਰ ਵੀ ਨੁਕਸਾਨਿਆ ਗਿਆ। ਉਸ ਨੇ ਕਿਹਾ ਕਿ ਉਹ ਮਾੜਾ ਵਕਤ ਸੀ ਜਦੋਂ ਉਸ ਨੇ ਨਗਰ ਪੰਚਾਇਤ ਨੂੰ ਇੱਥੋਂ ਪਾਈਪ ਪਾਉਣ ਲਈ ਸਹਿਮਤੀ ਦੇ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਮੁਨੀਮ ਕਤਲ ਮਾਮਲੇ ’ਚ ਬੁਢਲਾਡਾ ਪੁਲਿਸ ਨੇ ਕਈ ਜਣੇ ਹਿਰਾਸਤ ’ਚ ਲਏ ਅਗਲੀ ਖ਼ਬਰ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24