ਭੀਖੀ ਨਹਿਰ ’ਚ ਦੁਬਾਰਾ ਪਏ ਪਾੜ ਨੂੰ ਪੂਰਨ ਤੇ ਮੁਰੰਮਤ ਦਾ ਕੰਮ ਜਾਰੀ ਨਹਿਰ ਟੁੱਟਣ ਕਾਰਨ ਜ਼ਿਲ੍ਹੇ ਦੇ 150 ਪਿੰਡ ਹੋਏ ਪ੍ਰਭਾਵਿਤ ਸੋਮਵਾਰ ਤੱਕ ਬਹਾਲ ਹੋ ਜਾਵੇਗੀ ਪਾਣੀ ਦੀ ਸਪਲਾਈ-ਕਾਰਜਕਾਰੀ ਇੰਜੀਨੀਅਰ
ਅਜੀਤ ਡੈਸਕ
20-06-2026
ਨਹਿਰ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ 150 ਪਿੰਡ ਪ੍ਰਭਾਵਿਤ
ਭੀਖੀ ਡਿਸਟ੍ਰੀਬਿਊਟਰੀ ਦੀ ਜਲ ਸਪਲਾਈ 22 ਮਈ ਤੋਂ ਬੰਦ ਸੀ ਅਤੇ 12 ਜੂਨ ਨੂੰ ਇਸ ‘ਚ ਜਦੋਂ ਪਾਣੀ ਛੱਡਿਆ ਗਿਆ ਤਾਂ ਅਗਲੇ ਦਿਨ ਨਹਿਰ ਵਿਚ ਪਾੜ ਪੈਣ ਕਾਰਨ ਸਪਲਾਈ ਮੁੜ ਠੱਪ ਹੋ ਗਈ, ਜੋ ਹੁਣ ਤੱਕ ਨਿਰੰਤਰ ਬੰਦ ਹੈ। ਇਹ ਨਹਿਰ ਜ਼ਿਲ੍ਹੇ ਦੇ 150 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਲਾਇਫਲਾਇਨ ਕਹੀ ਜਾ ਸਕਦੀ ਹੈ। ਇਸ ਨਹਿਰ ਦੇ ਪਾਣੀ ਨੂੰ ਸਿੰਚਾਈ ਤੋਂ ਇਲਾਵਾ ਦਰਜਨਾਂ ਪਿੰਡਾਂ ਵਿਚ ਵਾਟਰ ਵਰਕਸ ਰਾਹੀਂ ਪੀਣ ਵਾਲੇ ਪਾਣੀ ਲਈ ਵੀ ਵਰਤਿਆ ਜਾਂਦਾ ਹੈ। ਜ਼ਿਲ੍ਹੇ ਵਿਚ 9 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੈ ਪ੍ਰੰਤੂ ਇਹ ਨਹਿਰ ਟੁੱਟਣ ਦਾ ਖ਼ਮਿਆਜ਼ਾ ਜਿੱਥੇ ਸਿੱਧੇ ਤੌਰ ‘ਤੇ ਭੀਖੀ ਦੇ ਕਿਸਾਨਾਂ ਨੇ ਝੱਲਿਆ ਉੱਥੇ 150 ਦੇ ਕਰੀਨ ਪਿੰਡ ਵੀ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਇਸ ਨਹਿਰ ਦਾ ਪਾਣੀ ਮਾਨਸਾ ਦੇ ਵਾਟਰ ਵਰਕਸ ਲਈ ਵੀ ਵਰਤਿਆ ਜਾਂਦਾ ਹੈ ਉੱਥੇ ਵੀ ਦਿੱਕਤ ਖੜੀ ਹੋਈ ਹੈ।
ਨਹਿਰ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ- ਚੁਸਪਿੰਦਰਬੀਰ ਸਿੰਘ ਚਹਿਲ
ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ ਵਲੋਂ ਨਹਿਰ ‘ਤੇ ਪਏ ਪਾੜ ਦਾ ਜਾਇਜ਼ਾ ਲੈਣ ਉਪਰੰਤ ਜਿੱਥੇ ਵਿਭਾਗੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਥੇ ਪ੍ਰਭਾਵਿਤ ਕਿਸਾਨਾਂ ਅਤੇ ਪਿੰਡ ਦੇ ਮੋਹਤਬਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਰਕਾਰ ਲੋਕ ਹਿਤ ਲਈ ਪ੍ਰਤੀਬੱਧ ਹੈ, ਜਿੱਥੇ ਇਸ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਉੱਥੇ ਪ੍ਰਭਾਵਿਤ ਕਿਸਾਨਾਂ ਦੇ ਹੋਏ ਵਿੱਤੀ ਨੁਕਸਾਨ ਨੂੰ ਪੂਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਿਚਾਰਨਗੇ ਤਾਂ ਜੋ ਹਰ ਤਰਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਉਨ੍ਹਾਂ ਨਾਲ ਆਪ ਆਗੂ ਕੁਲਵੰਤ ਸਿੰਘ, ਰਜਨੀਸ਼ ਸ਼ਰਮਾ, ਬਲਰਾਜ ਬਾਂਸਲ, ਸੁਰਿੰਦਰ ਸਿੰਘ ਹੀਰੋਂ ਕਲਾਂ ਆਦਿ ਹਾਜ਼ਰ ਸਨ।