ਮਾਨਸਾ, 21 ਜੂਨ (ਰਾਵਿੰਦਰ ਸਿੰਘ ਰਵੀ)- ਸੈਂਟਰਲ ਪਾਰਕ ਤੇ ਵਾਤਾਵਰਨ ਸੁਧਾਰ ਕਮੇਟੀ ਦੇ ਵਫ਼ਦ ਵਲੋਂ ਪੂਨਮ ਸਿੰਘ ਏ.ਡੀ.ਸੀ. (ਵਿਕਾਸ) ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਮੰਗ ਕੀਤੀ ਕਿ ਪਾਰਕ ਦੀ ਸੁੰਦਰਤਾ ਨੂੰ ਬਹਾਲ ਰੱਖਿਆ ਜਾਵੇ ਅਤੇ ਇੱਥੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਕ ‘ਚ ਸਵੇਰ-ਸ਼ਾਮ ਵੱਡੀ ਗਿਣਤੀ ‘ਚ ਸ਼ਹਿਰ ਵਾਸੀ ਸੈਰ ਕਰਨ ਆਉਂਦੇ ਹਨ ਪਰ ਸਾਫ-ਸਫਾਈ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਮੇਟੀ ਆਗੂ ਕਾ. ਰਾਜਵਿੰਦਰ ਸਿੰਘ ਰਾਣਾ, ਸ਼ਮਸ਼ੇਰ ਸਿੰਘ, ਮੇਜਰ ਸਿੰਘ ਫ਼ੌਜੀ ਅਤੇ ਕੌਂਸਲਰ ਅਸ਼ੋਕ ਸਪੋਲੀਆ ਨੇ ਕਿਹਾ ਕਿ ਸੈਰ ਕਰਨ ਵਾਲੇ ਵੱਡੇ ਟਰੈਕ ਦੇ ਦੋਵੇਂ ਪਾਸਿਆਂ ‘ਤੇ ਜੰਗਲੀ ਘਾਹ ਦੀ ਕਟਾਈ ਨਾ ਹੋਣ ਕਾਰਨ ਵੱਡਾ ਹੋ ਗਿਆ ਹੈ ਅਤੇ ਟਰੈਕ ਦੀਆਂ ਲਾਈਟਾਂ ਵੀ ਨਹੀਂ ਚੱਲ ਰਹੀਆਂ। ਉਨ੍ਹਾਂ ਕਿਹਾ ਕਿ ਇੱਥੇ ਲੱਗੇ ਫੁਹਾਰੇ ਅਤੇ ਸਵਿਮਿੰਗ ਪੂਲ ਵੀ ਲੰਬੇ ਸਮੇਂ ਤੋਂ ਬੰਦ ਪਏ ਹਨ ਜਦਕਿ ਪਾਰਕ ਦੇ ਘਾਹ ਦੇ ਦਰਖਤਾਂ ਦੀ ਕਾਂਟ-ਛਾਂਟ ਵੀ ਸਮੇਂ ਸਿਰ ਨਹੀਂ ਕੀਤੀ ਜਾਂਦੀ। ਚਿਲਡਰਨ ਪਾਰਕ ਦੇ ਝੂਲੇ ਅਤੇ �ਪਨ ਕਸਰਤ ਘਰ ਦੀਆਂ ਕਾਫ਼ੀ ਮਸ਼ੀਨਾਂ ਟੁੱਟੀਆਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਪਾਰਕ ‘ਚ ਕੁੱਤਿਆਂ ਦੀ ਆਮਦ ਵੱਡੀ ਗਿਣਤੀ ‘ਚ ਹੈ, ਜਿਸ ਕਰ ਕੇ ਲੋਕ ਸੈਰ ਕਰਨ ਤੋਂ ਡਰਦੇ ਹਨ। ਏ.ਡੀ.ਸੀ. ਨੇ ਭਰੋਸਾ ਦਿੱਤਾ ਕਿ ਉਕਤ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਗੋਇਲ, ਨਿਰੰਜਨ ਸਿੰਘ, ਅਜੇ ਕੁਮਾਰ, ਸੂਬੇਦਾਰ ਭੋਲਾ ਸਿੰਘ ਝੰਡੂਕੇ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ ਠੇਕੇਦਾਰ, ਰਾਜਿੰਦਰ ਸਿੰਘ ਠੇਕੇਦਾਰ, ਰਾਜਿੰਦਰ ਪ੍ਰਸਾਦ ਸਿੰਘ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।