ਮਾਨਸਾ, 24 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਕੋਟਲੀ ਕਲਾਂ ਦੇ ਕਿਸਾਨ ਝੋਨੇ ਦੇ ਸੀਜ਼ਨ ’ਚ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ । ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੋਟਲੀ ਪਿੰਡ ਦੇ ਕੁਝ ਖੇਤ ਰੇਲਵੇ ਟਰੈਕ ਤੋਂ ਪਾਰ ਲੰਘਦੇ ਹਨ ਅਤੇ ਬਿਜਲੀ ਮਹਿਕਮੇ ਵਲੋਂ ਉਨ੍ਹਾਂ ਖੇਤਾਂ ਤੱਕ ਬਿਜਲੀ ਸਪਲਾਈ ਪੁੱਜਦੀ ਕੀਤੀ ਗਈ ਅਤੇ ਵਿਭਾਗ ਇਸ ਲਾਈਨ ਨੂੰ ਫ਼ੌਰੀ ਤੌਰ ’ਤੇ ਹੋਰਾਂ ਫੀਡਰਾਂ ਨਾਲ ਜੋੜ ਕੇ ਚਲਾ ਰਿਹਾ ਸੀ ਪਰ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਇਹ ਸਪਲਾਈ ਖ਼ਰਾਬ ਹੋਣ ਕਾਰਨ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਅਤੇ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਜੇਕਰ ਇਸ ਲਾਈਨ ਨੂੰ ਤੁਰੰਤ ਚਾਲੂ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਰੇਲਵੇ ਟਰੈਕ ’ਤੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਜਗਦੇਵ ਸਿੰਘ, ਰਾਵਲ ਸਿੰਘ, ਲਛਮਣ ਸਿੰਘ, ਨਾਇਬ ਸਿੰਘ, ਸਿਕੰਦਰ ਸਿੰਘ, ਅਜੈਬ ਸਿੰਘ, ਤੋਤਾ ਸਿੰਘ ਆਦਿ ਹਾਜ਼ਰ ਸਨ ।