ਮਾਨਸਾ, 24 ਜੂਨ (ਰਾਵਿੰਦਰ ਸਿੰਘ ਰਵੀ)- ਮੁੱਖ ਮੰਤਰੀ ‘ਮਾਵਾਂ-ਧੀਆਂ ਸਤਿਕਾਰ’ ਯੋਜਨਾ ਦੇ ਫਾਰਮ ਭਰਨ ਲਈ ਔਰਤਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਇਹ ਫਾਰਮ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਆਂਗਣਵਾੜੀ ਕੇਂਦਰਾਂ ‘ਚ ਆਨਲਾਈਨ ਭਰੇ ਜਾ ਰਹੇ ਹਨ। ਫਾਰਮ ਪ੍ਰਾਪਤ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਸਗੋਂ ਆਪਣੇ ਖੇਤਰ ‘ਚ ਲਗਾਈਆਂ ਸਖ਼ੀਆਂ ਨਾਲ ਤਾਲਮੇਲ ਕਰ ਕੇ ਮੁਸ਼ਕਿਲ ਨਾਲ ਹਾਸਲ ਕਰਨਾ ਪੈਂਦਾ ਹੈ। ਬਹੁਤਿਆਂ ਨੂੰ ਤਾਂ ਫਾਰਮ ਮਿਲਦਾ ਹੀ ਨਹੀਂ ਅਤੇ ਜੇਕਰ ਮਿਲਦਾ ਹੈ ਤਾਂ ਆਨਲਾਈਨ ਅਪਲਾਈ ਨਹੀਂ ਹੋ ਰਿਹਾ। ਫਾਰਮ ਵੰਡਣ ਲਈ ਲਗਾਈਆਂ ਸਖ਼ੀਆਂ (ਔਰਤਾਂ) ਨੂੰ ਯੂਨੀਕ ਆਈ. ਡੀ. ਨੰਬਰ ਦਿੱਤਾ ਗਿਆ ਹੈ ਅਤੇ ਫਾਰਮ ਵਿਚ ਉਨ੍ਹਾਂ ਦੇ ਦਸਤਖ਼ਤ ਅਤੇ ਆਈ. ਡੀ. ਨੰਬਰ ਦਾ ਭਰਿਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਯੂਨੀਕ ਆਈ. ਡੀ. ਦੇਣ ਦੇ ਨਾਲ ਹੀ ਆਨਲਾਈਨ ਫਾਰਮ ਅਪਲਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਸਵੇਰ ਤੋਂ ਹੀ ਔਰਤਾਂ ਦਾ ਆਂਗਣਵਾੜੀ ਕੇਂਦਰਾਂ ‘ਚ ਜਮਾਂਵੜਾ ਲੱਗ ਜਾਂਦਾ ਹੈ ਅਤੇ ਪੋਰਟਲ ਰੁਕ-ਰੁਕ ਚੱਲਣ ਕਰ ਕੇ ਬਹੁਤੇ ਫਾਰਮ ਭਰੇ ਨਹੀਂ ਜਾਂਦੇ। ਔਰਤਾਂ ਆਪਣੀ ਵਾਰੀ ਦੀ ਉਡੀਕ ‘ਚ ਦੁਪਹਿਰ ਇੱਥੇ ਹੀ ਕੱਟਦੀਆਂ ਹਨ ਅਤੇ ਸ਼ਾਮ ਨੂੰ ਵਾਪਸ ਮੁੜਨਾ ਪੈਂਦਾ ਹੈ। ਕਿਸਮਤ ਨਾਲ ਮਸਾਂ ਕੁ 5-7 ਫਾਰਮ ਹੀ ਭਰੇ ਜਾਂਦੇ ਹਨ। ਆਂਗਣਵਾੜੀ ਵਰਕਰਾਂ ਨੂੰ ਆਪਣੇ ਮੋਬਾਈਲ ਫ਼ੋਨ ‘ਤੇ ਇਹ ਫਾਰਮ ਭਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਨੈੱਟ ਦਾ ਡਾਟਾ ਖ਼ਤਮ ਹੋਣ ‘ਤੇ ਐਨ ਵਿਚਕਾਰ ਹੀ ਕੰਮ ਰੁਕ ਜਾਂਦਾ ਹੈ। ਸਰਕਾਰ ਵਲੋਂ ਕੋਈ ਵਾਈ-ਫਾਈ ਅਤੇ ਲੈਪਟਾਪ ਆਦਿ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਫਾਰਮ ਭਰਨ ਸਮੇਂ ਆਨਲਾਈਨ ਤਸਵੀਰ ਹੁੰਦੀ ਹੈ ਅਤੇ ਆਧਾਰ ਕਾਰਡ, ਵੋਟਰ ਕਾਰਡ, ਬੈਂਕ ਕਾਪੀ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਲਈ ਜਾਤੀ ਸਰਟੀਫਿਕੇਟ ਜ਼ਰੂਰੀ ਹੁੰਦਾ ਹੈ। ਦੱਸ ਦੇਈਏ ਕਿ ਤਸਵੀਰ ਦੇ ਨਾਲ ਕਈ ਹੋਰ ਫ਼ਾਲਤੂ ਰਸਮਾਂ ਵੀ ਹਨ ਜਦਕਿ ਆਧਾਰ ਕਾਰਡ ‘ਚ ਵਿਅਕਤੀ ਦੀ ਸਾਰੀ ਜਾਣਕਾਰੀ ਸ਼ਾਮਿਲ ਹੈ। ਭਾਵੇਂ ਸੁਵਿਧਾ ਕੇਂਦਰਾਂ ‘ਚ ਵੀ ਇਹ ਫਾਰਮ ਭਰਨ ਲਈ ਸਹੂਲਤ ਮੁਹੱਈਆ ਕਰਵਾਈ ਗਈ ਹੈ ਪਰ ਇੱਥੇ ਵੀ ਸਾਈਟ ਹੌਲੀ ਚੱਲਣ ਕਾਰਨ ਔਰਤਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਵੇਖਣ ‘ਚ ਆਇਆ ਹੈ ਕਿ ਅਸਰ ਰਸੂਖ਼ ਵਾਲੇ ਵਿਅਕਤੀ ਸ਼ਾਮ ਸਮੇਂ ਆਂਗਣਵਾੜੀ ਵਰਕਰਾਂ ਦੇ ਘਰਾਂ ‘ਚ ਜਾ ਕੇ ਫਾਰਮ ਭਰ ਰਹੇ ਹਨ ਜਦਕਿ ਅਨਪੜ੍ਹ ਤੇ ਘਰੇਲੂ ਔਰਤਾਂ ਨੂੰ ਵਾਰ-ਵਾਰ ਆਂਗਣਵਾੜੀ ਕੇਂਦਰਾਂ ਦੇ ਚੱਕਰ ਲਗਾਉਣ ਦੇ ਬਾਵਜੂਦ ਕੁਝ ਹਾਸਲ ਨਹੀਂ ਹੋ ਰਿਹਾ। ਮੁੱਖ ਮੰਤਰੀ ਪੰਜਾਬ ਵਲੋਂ ਹਰ-ਰੋਜ਼ ਇਸ਼ਤਿਹਾਰਬਾਜ਼ੀ ਕਰ ਕੇ 1 ਜੁਲਾਈ ਨੂੰ ਔਰਤਾਂ ਦੇ ਖਾਤੇ ‘ਚ 3 ਮਹੀਨਿਆਂ ਦੀ ਇਕੱਠੀ ਰਾਸ਼ੀ ਪਾਉਣ ਦੇ ਐਲਾਨ ਕੀਤੇ ਜਾ ਰਹੇ ਹਨ, ਜਿਸ ਨਾਲ ਔਰਤਾਂ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਉਹ ਜਲਦ ਤੋਂ ਜਲਦ ਫਾਰਮ ਭਰਨ ਲਈ ਉਤਾਵਲੀਆਂ ਹਨ। ਦੂਜੇ ਪਾਸੇ ਐਮ. ਸੇਵਾ ਐਪ ਨਾ ਚੱਲਣ ਕਾਰਨ ਔਰਤਾਂ ‘ਚ ਨਿਰਾਸ਼ਾ ਪਾਈ ਜਾ ਰਹੀ ਹੈ।