ਭੀਖੀ, 3 ਜੁਲਾਈ (ਬਲਕਾਰ ਸਿੰਘ ਸਹੋਤਾ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਜਲੰਧਰ ਵਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਅਗਵਾਈ ਸਮਰੱਥਾ, ਅਕਾਦਮਿਕ ਦ੍ਰਿਸ਼ਟੀਕੋਣ ਅਤੇ ਸਿੱਖਿਆ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਰਾਜ ਪੱਧਰੀ ਪ੍ਰਿੰਸੀਪਲ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ‘ਚ ਪੰਜਾਬ ਭਰ ਦੇ ਵੱਖ-ਵੱਖ ਸਰਵਹਿੱਤਕਾਰੀ ਵਿੱਦਿਆ ਮੰਦਰਾਂ ਦੇ ਕੁੱਲ 40 ਪ੍ਰਿੰਸੀਪਲ ਭਾਗ ਲੈ ਰਹੇ ਹਨ। ਵਰਕਸ਼ਾਪ ਦਾ ਉਦੇਸ਼ ਪ੍ਰਿੰਸੀਪਲਾਂ ਨੂੰ ਪੰਚ ਪੱਖੀ ਵਰਕਸ਼ਾਪ ਦਾ ਅਧਿਆਪਨ ਵਿਧੀ ਨਾਲ ਗਹਿਰਾਈ ਨਾਲ ਜਾਣੂ ਕਰਵਾਉਣਾ, ਸਕੂਲਾਂ ‘ਚ ਗੁਣਵੱਤਾ ਭਰਪੂਰ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਮੁੱਲ-ਆਧਾਰਿਤ, ਰਚਨਾਤਮਿਕ ਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਪੰਜ ਦਿਨਾਂ ਦੀ ਇਸ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਲੋਂ ਲੈਕਚਰ, ਸਮੂਹ ਚਰਚਾਵਾਂ, ਪ੍ਰਯੋਗਾਤਮਿਕ ਗਤੀਵਿਧੀਆਂ ਅਤੇ ਅਧਿਆਪਨ ਪ੍ਰਦਰਸ਼ਨ ਕਰਵਾਏ ਜਾ ਰਹੇ ਹਨ। ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿਚ ਰਾਸ਼ਟਰੀ ਮਹਾਂ-ਮੰਤਰੀ ਦੇਸ਼ ਰਾਜ, ਸਰਵਹਿੱਤਕਾਰੀ ਸਿੱਖਿਆ ਸੰਮਤੀ ਦੇ ਉਪ ਪ੍ਰਧਾਨ ਡਾ. ਨਵਦੀਪ ਸ਼ੇਖਰ, ਪ੍ਰਾਂਤ ਮਹਾਮੰਤਰੀ ਸੰਦੀਪ ਧੁੜੀਆ ਅਤੇ ਪ੍ਰਾਂਤ ਕਾਰਜਕਾਰੀ ਮੈਂਬਰ ਅੱਛਵੇਂਦਰ ਦੇਵ ਗੋਇਲ ਨੇ ਭਾਗ ਲਿਆ। ਰਾਸ਼ਟਰੀ ਮਹਾਂ-ਮੰਤਰੀ ਦੇਸ਼ ਰਾਜ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਪ੍ਰਿੰਸੀਪਲਾਂ ਨੂੰ ਨਵੀਆਂ ਸੋਚਾਂ, ਆਧੁਨਿਕ ਅਧਿਆਪਨ ਪੱਧਤੀਆਂ ਅਤੇ ਪ੍ਰਭਾਵਸ਼ਾਲੀ ਸਕੂਲ ਲੀਡਰਸ਼ਿਪ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਵਲੋਂ ਵਰਕਸ਼ਾਪ ਦੇ ਸਫਲ ਸੰਚਾਲਨ ਲਈ ਪ੍ਰਾਂਤ ਪੰਚਪਦੀ ਸੰਚਾਲਨ ਟੋਲੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਟੀਮ ‘ਚ ਸੰਦੀਪ ਧੁੜੀਆ ਪ੍ਰਭਾਰੀ, ਰਾਮ ਕੁਮਾਰ ਖੇਤਰੀ ਟਰੇਨਿੰਗ ਸੰਯੋਜਕ, ਵਿਕਰਮ ਸਮਿਆਲ, ਅਮਿਤ ਡੋਗਰਾ, ਪੂਰਨ ਚੰਦ, ਧਰਮ ਭੂਸ਼ਣ ਅਤੇ ਅਭਿਸ਼ੇਕ ਸ਼ਾਮਿਲ ਹਨ। ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵਲੋਂ ਸਭਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।