ਬੁਢਲਾਡਾ, 3 ਜੁਲਾਈ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਦੀ ਸੈਕਟਰੀਆਂ ਵਾਲੀ ਗਲੀ ਦੇ ਲੋਕਾਂ ਨੇ ਗਲੀ ਦੇ ਨਾ ਬਣਨ ਕਰ ਕੇ ਸਬੰਧਿਤ ਵਿਭਾਗ ਤੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਹੈ। ਸਾਬਕਾ ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਲਾਭ ਸਿੰਘ ਸਰਪੰਚ, ਚਰਨਜੀਤ ਸਿੰਘ ਝਲਬੂਟੀ, ਰਿੰਕੂ ਸਿੰਗਲਾ, ਗੁਰਦੀਪ ਸਿੰਘ ਧਨੋਆ ਆਦਿ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਪੁੱਟ ਕੇ ਸੁੱਟੀ ਪਈ ਇਸ ਗਲੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ‘ਚੋਂ ਗੁਜ਼ਰਨਾ ਪੈ ਰਿਹਾ ਹੈ ਅਤੇ ਪਿਛਲੇ ਦਿਨ ਆਏ ਮੀਂਹ ਕਾਰਨ ਸਥਿਤੀ ਬਦ ਤੋਂ ਬਦਤਰ ਬਣੀ ਹੋਈ ਹੈ। ਉਕਤ ਆਗੂਆਂ ਨੇ ਦੱਸਿਆ ਕਿ ਫਰਵਰੀ ਮਹੀਨੇ ਇਹ ਗਲੀ ਬਣਨ ਦੇ ਟੈਂਡਰ ਹੋਏ, ਜਿਸ ਨੂੰ ਕੁਝ ਸਮਾਂ ਬਾਅਦ ਹੀ ਪੁੱਟ ਦਿੱਤਾ ਗਿਆ ਪ੍ਰੰਤੂ ਇਸ ਨੂੰ ਅਜੇ ਤੱਕ ਬਣਾਇਆ ਨਹੀਂ ਜਾ ਰਿਹਾ, ਜਿਸ ਕਾਰਨ ਨਾਲੀਆਂ ਦਾ ਗੰਦਾ ਪਾਣੀ ਵੀ ਲੋਕਾਂ ਦੇ ਘਰਾਂ ਵਿਚ ਹੀ ਵੜ ਰਿਹਾ। ਇਸ ਮੌਕੇ ਰਿੱਕੀ ਸ਼ਰਮਾ, ਭੋਲਾ ਸਿੰਘ, ਸਾਹਿਲ ਕੁਮਾਰ, ਬਿੰਦਰ ਸਿੰਘ ਸਰਪੰਚ, ਰਣਜੀਤ ਕੌਰ, ਹਰਵਿੰਦਰ ਕੌਰ, ਗਗਨਦੀਪ ਗੋਦਾਰਾ, ਰਾਜਿੰਦਰ ਕੌਰ ਆਦਿ ਹਾਜ਼ਰ ਸਨ।