ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਾਲ੍ਹਾਣ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਅੱਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐਸ.ਆਈ.ਆਰ.) ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਿਆਸੀ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਦੇ ਹੁਕਮਾਂ ਅਨੁਸਾਰ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਵਲੋਂ ਜ਼ਿਲ੍ਹੇ ਦੇ ਸਾਰੇ ਘਰਾਂ ਵਿਚ ਗਿਣਤੀ ਫਾਰਮ ਵੰਡ ਦਿੱਤੇ ਗਏ ਹਨ। ਇਹ ਫਾਰਮ ਉਨ੍ਹਾਂ ਵੋਟਰਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਦੀ ਮੈਪਿੰਗ ਸਫਲਤਾ-ਪੂਰਵਕ ਹੋ ਚੁੱਕੀ ਹੈ। ਇਸ ਦਾ ਅਰਥ ਹੈ ਕਿ ਉਕਤ ਵੋਟਰਾਂ ਦੇ ਨਾਮ ਸਾਲ 2003 ਦੀ ਵੋਟਰ ਸੂਚੀ ਵਿਚ ਵੀ ਸਨ ਅਤੇ ਹੁਣ ਵੀ ਉਨ੍ਹਾਂ ਦੀ ਪਛਾਣ ਮੌਜੂਦਾ ਰਿਕਾਰਡ ਨਾਲ ਮੈਪ ਕੀਤੀ ਗਈ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਨੂੰ ਹਦਾਇਤ ਕਰਨ ਕਿ ਉਹ ਇਹ ਫਾਰਮ ਵੋਟਰਾਂ ਤੋਂ ਭਰਵਾਉਣ ਅਤੇ ਇਹ ਵੀ ਯਕੀਨੀ ਬਣਾਉਣ ਕਿ ਵੋਟਰ ਇਹ ਫਾਰਮ ਵਾਪਸ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾਉਣ। ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਬੂਥਾਂ ਦੇ ਰੈਸ਼ਨਲਾਈਜ਼ੇਸ਼ਨ (ਤਰਕ ਸੰਗਤ) ਬਾਰੇ ਵੀ ਸਿਆਸੀ ਪਾਰਟੀਆਂ ਨਾਲ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜਿਸ ਵੀ ਪੋਲਿੰਗ ਬੂਥ ‘ਤੇ 1200 ਜਾਂ ਇਸ ਤੋਂ ਵੱਧ ਵੋਟਰ ਹਨ, ਉਸ ਨੂੰ ਵੰਡ ਕੇ ਨਵਾਂ ਪੋਲਿੰਗ ਬੂਥ ਬਣਾਇਆ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹੇ ਵਿਚ ਪੋਲਿੰਗ ਬੂਥਾਂ ਦੀ ਗਿਣਤੀ 1192 ਤੋਂ ਵਧ ਕੇ 1204 ਹੋ ਗਈ ਹੈ।ਧੀਮਾਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਵਿਚ ਪਹਿਲਾਂ 203 ਪੋਲਿੰਗ ਬੂਥ ਸਨ ਅਤੇ ਹੁਣ ਪੰਜ ਨਵੇਂ ਬੂਥ ਪ੍ਰਸਤਾਵਿਤ ਕੀਤੇ ਗਏ ਹਨ, ਜਿਸ ਨਾਲ ਕੁਲ ਗਿਣਤੀ 208 ਹੋ ਜਾਵੇਗੀ। ਇਸੇ ਤਰ੍ਹਾਂ ਬਠਿੰਡਾ ਸ਼ਹਿਰੀ ਵਿਚ 244 ਬੂਥ ਸਨ, ਜੋ ਹੁਣ ਵੱਧ ਕੇ 249 ਹੋ ਗਏ ਹਨ। ਬਠਿੰਡਾ (ਦਿਹਾਤੀ) ਵਿਚ ਪਹਿਲਾਂ 170 ਬੂਥ ਸਨ, ਜੋ ਹੁਣ ਘਟ ਕੇ 168 ਰਹਿ ਗਏ ਹਨ ਕਿਉਂਕਿ ਬਠਿੰਡਾ ਕੈਂਟ ਦੀ ਆਬਾਦੀ ਲਗਾਤਾਰ ਬਦਲਦੀ ਰਹਿੰਦੀ ਹੈ। ਤਲਵੰਡੀ ਸਾਬੋ ਵਿਚ ਪਹਿਲਾਂ 179 ਬੂਥ ਸਨ, ਜੋ ਹੁਣ 181 ਹੋ ਜਾਣਗੇ। ਮੌੜ ਵਿਚ ਪਹਿਲਾਂ 196 ਬੂਥ ਸਨ, ਜੋ ਹੁਣ 198 ਹੋ ਜਾਣਗੇ। ਇਸ ਤੋਂ ਇਲਾਵਾ ਰਾਮਪੁਰਾ ਵਿਚ ਬੂਥਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਇਆ ਅਤੇ ਉੱਥੇ 200 ਪੋਲਿੰਗ ਬੂਥ ਹੀ ਰਹਿਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪੋਲਿੰਗ ਬੂਥਾਂ ਦੀਆਂ ਸੂਚੀਆਂ ਸਿਆਸੀ ਪਾਰਟੀਆਂ ਨੂੰ ਪਹਿਲਾਂ ਹੀ ਉਨ੍ਹਾਂ ਦੀ ਸਹਿਮਤੀ ਅਤੇ ਸਹੂਲਤ ਲਈ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ ਵੀ ਹਾਜ਼ਰ ਸਨ।