ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੰਜਾਬ ਪੁਲਿਸ ਦੇ ਸਿਪਾਹੀ ਦੀ ਕੁੱਟਮਾਰ ਕਰਨ, ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਵਾਲੇ ਸੇਮਾ ਕਲਾਂ ਦੇ 3 ਮੁਲਜ਼ਮ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 09-07-2026

ਭੁੱਚੋ ਮੰਡੀ, 8 ਜੁਲਾਈ (ਪਰਵਿੰਦਰ ਸਿੰਘ ਜੌੜਾ)- ਪੰਜਾਬ ਪੁਲਿਸ ਦੇ ਸਿਪਾਹੀ ਦੀ ਡਿਊਟੀ ਦੌਰਾਨ ਕੁੱਟਮਾਰ ਕਰਨ, ਵੀਡੀਓ ਬਣਾਉਣ, ਕਾਰ ਤੇ ਏ.ਟੀ.ਐਮ. ਖੋਹਣ ਅਤੇ ਬਲੈਕਮੇਲ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਛਾਉਣੀ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਐਸ.ਪੀ. ਬਠਿੰਡਾ ਸਿਟੀ-2 ਅਰੁਨ ਮੁੰਡਨ ਨੇ ਦੱਸਿਆ ਕਿ ਸਿਪਾਹੀ ਕੁਲਵਿੰਦਰ ਸਿੰਘ ਵਾਸੀ ਹਰਕਿਸ਼ਨਪੁਰਾ ਜੋ ਕਿ ਐਮਰਜੈਂਸੀ ਵਾਹਨ-112 ‘ਤੇ ਤਾਇਨਾਤ ਹੈ, ਵਲੋਂ 6 ਜੂਨ ਨੂੰ ਕੁਝ ਵਿਅਕਤੀਆਂ ਖ਼ਿਲਾਫ਼ ਰੋਕੂ ਕਾਰਵਾਈ ਕੀਤੀ ਗਈ ਸੀ। ਇਸੇ ਰੰਜਿਸ਼ ਵਿਚ ਮੁਲਜ਼ਮ ਉਸ ਨਾਲ ਖਾਰ ਖਾਣ ਲੱਗ ਪਏ ਅਤੇ ਬੀਤੇ ਦਿਨੀਂ ਜਦੋਂ ਉਹ ਭੁੱਚੋ ਕੈਂਚੀਆਂ ਪੁਲ ਦੇ ਹੇਠਾਂ ਕੋਈ ਦਵਾਈ ਵਗ਼ੈਰਾ ਲੈ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ‘ਤੇ ਨਸ਼ਾ ਕਰਨ ਦਾ ਦੋਸ਼ ਲਾ ਕੇ ਸਿਪਾਹੀ ਕੁਲਵਿੰਦਰ ਸਿੰਘ ਦੀ ਕੁੱਟਮਾਰ ਕਰਨੀ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮ ਉਸ ਨੂੰ ਅਗਵਾ ਕਰਕੇ ਪਿੰਡ ਸੇਮਾ ਵਿਖੇ ਲੈ ਗਏ ਅਤੇ ਉਸ ਦੀ ਸਵਿਫ਼ਟ ਕਾਰ ਨੰਬਰ ਪੀ.ਬੀ.-0.ਏ.ਜੀ.-5030 ਅਤੇ ਬੈਂਕ ਖਾਤੇ ਦਾ ਏ.ਟੀ.ਐਮ. ਖੋਹ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇੱਥੇ ਹੀ ਨਹੀਂ ਰੁਕੇ ਸਗੋਂ ਸਿਪਾਹੀ ਕੁਲਵਿੰਦਰ ਸਿੰਘ ਨੂੰ ਬਲੈਕਮੇਲ ਕਰਦਿਆਂ ਉਸ ਤੋਂ ਵੀਡੀਓ ਵਾਇਰਲ ਨਾ ਕਰਨ ਬਦਲੇ 2 ਲੱਖ ਰੁਪਏ ਦੀ ਮੰਗ ਵੀ ਕੀਤੀ। ਮੁਲਜ਼ਮਾਂ ਨੇ ਸਿਪਾਹੀ ਦੀ ਡਿਊਟੀ ਵਿਚ ਵੀ ਵਿਘਨ ਪਾਇਆ। ਡੀ. ਐਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਵਿਚ 3 ਮੁਲਜ਼ਮਾਂ ਹਰਜਿੰਦਰ ਸਿੰਘ, ਸੱਤਪਾਲ ਸਿੰਘ ਉਰਫ਼ ਸੱਤਾ ਅਤੇ ਅਰਸ਼ਦੀਪ ਸਿੰਘ ਉਰਫ਼ ਪੋਪਾ ਵਾਸੀਅਨ ਸੇਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਛਾਉਣੀ ਦੇ ਐਸ. ਐਚ. ਓ. ਰਘਵੀਰ ਸਿੰਘ ਬੰਗੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਮਾਣਯੋਗ ਅਦਾਲਤ ਨੇ ਮੁਲਜ਼ਮਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ, ਦੌਰਾਨ ਉਨ੍ਹਾਂ ਤੋਂ ਪੁੱਛਗਿੱਛ ਵਿਚ ਹੋਰ ਖ਼ਲਾਸੇ ਹੋਣ ਦੀ ਸੰਭਾਵਨਾ ਹੈ। ਪੜਤਾਲ ਕਰਨ ‘ਤੇ ਪਤਾ ਲੱਗਾ ਹੈ ਕਿ ਮੁਲਜ਼ਮਾਂ ਵਲੋਂ ਸਾਰੇ ਪਿੰਡ ਨੂੰ ਦੁਖੀ ਕੀਤਾ ਹੋਇਆ ਹੈ ਅਤੇ ਸੱਤਾਧਾਰੀ ਧਿਰ ਦਾ ਨਾਂਅ ਵਰਤ ਕੇ ਮੁਲਜ਼ਮਾਨਾ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਭੁੱਚੋ ਮੰਡੀ ਦੇ ਗੁਰੰਸ਼ ਜੌੜਾ ਨੇ ਦੱਸਿਆ ਕਿ ਮੁਲਜ਼ਮ ਸੱਤਪਾਲ ਸਿੰਘ ਸੱਤਾ ਨੇ ਉਸ ਨਾਲ ਵੀ ਗੇਟ ਬਣਾਉਣ ਦਾ ਭਰੋਸਾ ਦੇ ਕੇ 75 ਹਜ਼ਾਰ ਰੁਪਏ ਦੀ ਠੰਗੀ ਮਾਰੀ ਸੀ।
Ad Position 22
No active advertisement
ਪਿਛਲੀ ਖ਼ਬਰ ਐੱਸ.ਪੀ. ਜਸਲੀਨ ਕੌਰ ਵਲੋਂ ਮਟਦਾਦੂ ’ਚ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਰਣਦੀਪ ਮਟਦਾਦੂ ਨੇ ਐੱਸ.ਪੀ.... ਅਗਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ’ਤੇ ਭਗਵੰਤ ਮਾਨ ਦੇ ਬਿਆਨ ਨੇ ਖੜ੍ਹੇ ਕੀਤੇ ਗੰਭੀਰ ਸਵਾਲ- ਰਮਨਦੀਪ ਕੌਰ ਸ਼ੇਰੋਂ
Ad Position 24
No active advertisement