ਬਠਿੰਡਾ, 8 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਲਾਵਾਰਿਸ ਲਾਸ਼ਾਂ ਦੇ ਵਾਰਿਸ ਵਜੋਂ ਜਾਣੇ ਜਾਂਦੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ ਫ਼ਿਲਮ ‘ਸਤਲੁਜ’ ’ਤੇ ਲਗਾਈ ਗਈ ਰੋਕ ਨੂੰ ਹਟਾਉਣ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਲੋਂ ਸੜਕਾਂ ’ਤੇ ਉੱਤਰਦੇ ਹੋਏ ਅੱਜ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਕ ਤੋਂ ਲੈ ਕੇ ਬੱਸ ਅੱਡੇ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪੀ.ਏ.ਸੀ. ਮੈਂਬਰ ਅਤੇ ਮਾਲਵਾ ਜ਼ੋਨ ਦੇ ਇੰਚਾਰਜ ਲਖਵੀਰ ਸਿੰਘ ਲੱਖਾ ਸਿਧਾਣਾ, ਉੱਘੇ ਵਕੀਲ ਹਰਪਾਲ ਸਿੰਘ ਖਾਰਾ, ਨਵਜੋਤ ਕੌਰ ਲੰਬੀ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਤੇ ਜ਼ਿਲ੍ਹਾ ਸੀਨੀਅਰ ਉੱਪ-ਪ੍ਰਧਾਨ ਡਾ. ਪ੍ਰਗਟ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਵਿਚ ਆਏ ਕਾਲੇ ਦੌਰ ਦੌਰਾਨ ਤਤਕਾਲੀ ਹਕੂਮਤ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਵਲੋਂ ਅੱਤਵਾਦ ਦੇ ਨਾਂਅ ਹੇਠ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਗਿਆ, ਜਿਸ ਦੇ ਖ਼ਿਲਾਫ਼ ਉਸ ਸਮੇਂ ਆਵਾਜ਼ ਉਠਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਹਕੂਮਤ ਅਤੇ ਪੁਲਿਸ ਨੇ ਉਸ ਸਮੇਂ ਵੀ ਅਤੇ ਹੁਣ ਸਾਲਾਂ ਬਾਅਦ ਭਾਈ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ’ਤੇ ਰੋਕ ਲਗਾ ਕੇ ਸੱਚ ਨੂੰ ਦਬਾਇਆ ਜਾ ਰਿਹਾ ਹੈ। ਇਸ ਫ਼ਿਲਮ ਨੇ ਤਤਕਾਲੀ ਹਕੂਮਤ ਅਤੇ ਪੁਲਿਸ ਦਾ ਘਿਨੌਣਾ ਚਿਹਰਾ ਨੰਗਾ ਕੀਤਾ ਹੈ, ਜਿਸ ਨੂੰ ਲੁਕੋਣ ਲਈ ਇਸ ਫ਼ਿਲਮ ’ਤੇ ਪਾਬੰਦੀ ਲਗਾਈ ਗਈ ਹੈ। ਲੱਖਾ ਸਿਧਾਣਾ ਨੇ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਇਹ ਫ਼ਿਲਮ ਜ਼ਰੂਰ ਦੇਖਣ ਲਈ ਕਿਹਾ ਕਿ, ਤਾਂ ਜੋ ਉਹ ਇਹ ਦੇਖ ਸਕਣ ਕਿ ਉਨ੍ਹਾਂ ਤੋਂ ਲੋਕਾਂ ਦਾ ਘਾਣ ਕਰਵਾਉਣ ਵਾਲੀ ਅਫ਼ਸਰਸ਼ਾਹੀ ਕਿਸੇ ਸਮੇਂ ਵੀ ਉਨ੍ਹਾਂ ਦੇ ਸਿਰ ਤੋਂ ਹੱਥ ਚੁੱਕ ਸਕਦੀ ਹੈ ਤੇ ਉਨ੍ਹਾਂ ਨੂੰ ਆਪਣੇ ਕੀਤੇ ਦਾ ਆਪ ਹੀ ਭੁਗਤਣਾ ਪੈਣਾ ਹੈ। ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਫ਼ਿਲਮ ‘ਸਤਲੁਜ’ ਤੋਂ ਰੋਕ ਹਟਾਈ ਜਾਵੇ ਅਤੇ ਭਾਈ ਖਾਲੜਾ ਅਤੇ 25000 ਲਾਵਾਰਿਸ ਲਾਸ਼ਾਂ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਅਤੇ ਸਮਰਥਕ ਮੌਜੂਦ ਸਨ।