ਮਾਨਸਾ, 21 ਜੁਲਾਈ (ਰਾਵਿੰਦਰ ਸਿੰਘ ਰਵੀ)- ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਜ਼ਿਲ੍ਹੇ ’ਚ ਸਫ਼ਾਈ ਵਿਵਸਥਾ ਬਹਾਲ ਕਰਨ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨਗਰ ਕੌਂਸਲਾਂ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰਨ ਲਈ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਤੁਰੰਤ ਪ੍ਰਭਾਵ ਨਾਲ ਸਾਫ਼-ਸਫ਼ਾਈ ਦੇ ਬਦਲਵੇਂ ਪ੍ਰਬੰਧ ਲਾਗੂ ਕਰਨ ਲਈ ਕਿਹਾ ਹੈ। ਡੀ.ਸੀ. ਨੇ ਕਾਰਜਸਾਧਕ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਠੇਕੇਦਾਰੀ ਏਜੰਸੀਆਂ, ਆਊਟਸੋਰਸਡ ਲੇਬਰ, ਕਿਰਾਏ ਦੇ ਵਾਹਨਾਂ ਜਾਂ ਹੋਰ ਵਿਭਾਗਾਂ ਦੇ ਸਟਾਫ਼ ਦੀ ਮਦਦ ਨਾਲ ਤੁਰੰਤ ਕੂੜਾ ਚੁਕਵਾਇਆ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਸੰਵੇਦਨਸ਼ੀਲ ਇਲਾਕਿਆਂ ’ਚ ਐਂਟੀ-ਲਾਰਵਾ ਸਪਰੇਅ, ਫੋਗਿੰਗ, ਕੀਟਾਣੂ-ਰਹਿਤ ਕਰਨ ਸਮੇਤ ਕਲੋਰੀਨੇਸ਼ਨ ਮੁਹਿੰਮ ਚਲਾਉਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਪਾਲਣਾ ’ਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲਾਪਰਵਾਹੀ ਵਰਤਣ ਵਾਲੇ ਅਫ਼ਸਰਾਂ ਜਾਂ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਡੀ.ਸੀ. ਵਲੋਂ ਜ਼ਿਲ੍ਹੇ ’ਚ ਸਫ਼ਾਈ ਵਿਵਸਥਾ ਬਹਾਲ ਕਰਨ ਦੇ ਹੁਕਮ ਜਾਰੀ
ਅਜੀਤ ਡੈਸਕ
22-07-2026