ਜੋਗਾ, 28 ਜੁਲਾਈ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਸਥਾਨਕ ਥਾਣੇ ਦਾ ਘਿਰਾਓ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਤਪਾ ਮੰਡੀ ਦੇ ਆੜ੍ਹਤੀਏ ਵਲੋਂ ਪਿੰਡ ਅਕਲੀਆ ਦੇ ਕਿਸਾਨ ਨੂੰ ਥਾਣੇ ’ਚ ਧਮਕੀਆਂ ਤੇ ਗਾਲ਼ਾਂ ਕੱਢੀਆਂ ਗਈਆਂ ਅਤੇ ਐਸ.ਐਚ.ਓ. ਵਲੋਂ ਦਿਨ ਰਾਤ ਜੇਲ੍ਹ ’ਚ ਬੰਦ ਰੱਖਿਆ ਗਿਆ ਸੀ। ਇਸ ’ਤੇ ਯੂਨੀਅਨ ਵਲੋਂ ਸੜਕ ਜਾਮ ਕਰਨ ਦੇ ਐਲਾਨ ਉਪਰੰਤ ਸੀ.ਆਈ.ਏ. ਸਟਾਫ਼ ਵਲੋਂ ਸਮਝੌਤਾ ਕਰ ਕੇ ਆੜ੍ਹਤੀਏ ’ਤੇ ਪਰਚਾ ਦਰਜ਼ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਐਸ.ਐਚ.ਓ. ਵਲੋਂ ਭਾਰੀ ਰਿਸ਼ਵਤ ਲੈਣ ਕਾਰਨ ਹਾਲੇ ਤੱਕ ਕੋਈ ਕਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਥਾਣੇ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆੜ੍ਹਤੀਏ ’ਤੇ 7 ਅਗਸਤ ਤੋਂ ਪਹਿਲਾਂ ਪਰਚਾ ਦਰਜ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਅਤੇ ਜੇਕਰ ਪਰਚਾ ਦਰਜ ਨਾ ਕੀਤਾ ਗਿਆ ਤਾਂ ਦੁਬਾਰਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਾਜ ਸਿੰਘ ਅਕਲੀਆ, ਜਗਜੀਤ ਸਿੰਘ, ਮਨਜੀਤ ਕੁਮਾਰ ਪੱਪੀ, ਰਾਜਪਾਲ ਸਿੰਘ, ਗੁਰਬਖ਼ਸ਼ ਸਿੰਘ, ਜਗਵੀਰ ਸਿੰਘ, ਰੂਪ ਸਿੰਘ ਆਦਿ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਜੋਗਾ ਥਾਣੇ ਦਾ ਘਿਰਾਓ
ਅਜੀਤ ਡੈਸਕ
29-07-2026