ਨਡਾਲਾ, 1 ਜਨਵਰੀ (ਰਘਬਿੰਦਰ ਸਿੰਘ) - ਭਾਵੇਂ ਕਿ ਕਸਬਾ ਨਡਾਲਾ ਦੀ ਬਿਜਲੀ ਸਪਲਾਈ ਆਮ ਦਿਨਾਂ ਵਿਚ ਬਹੁਤੀ ਵਧੀਆ ਨਹੀਂ ਹੁੰਦੀ ਪਰ ਅੱਜ ਨਵੇਂ ਸਾਲ ਦੇ ਪਹਿਲੇ ਵੀ ਬਿਜਲੀ ਲੁਕਣ ਮੀਟੀ ਖੇਡਦੀ ਰਹੀ | ਜਿਵੇਂ ਹੀ ਤੜਕਸਾਰ 5:30 ਵਜੇ ਬਰਸਾਤ ਸ਼ੁਰੂ ਹੋਈ, ਉਸ ਦੇ ਨਾਲ ਹੀ ਇਲਾਕੇ ਦੀ ਬਿਜਲੀ ਗੁੱਲ ਹੋ ਗਈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਲੋਕਾਂ ਦੀਆਂ ਪਾਣੀ ਵਾਲੀਆ ਟੈਂਕੀਆਂ ਖਾਲੀ ਹੋ ਗਈਆਂ | ਕਈ ਲੋਕ ਤਾਂ ਨਹਾਉਣ ਤੋਂ ਹੀ ਬੈਠੇ ਰਹੇ | ਇਸ ਦੌਰਾਨ ਸਵੇਰੇ 11 ਵਜੇ ਬਿਜਲੀ ਆਈ ਤੇ ਲੋਕਾਂ ਸੁੱਖ ਦਾ ਸਾਹ ਲਿਆ ਪਰ ਫਿਰ ਵੀ ਬਿਜਲੀ ਕੁਝ ਸਮਾਂ ਆ ਕੇ ਲੁਕਣ ਮੀਟੀ ਖੇਡਦੀ ਰਹੀ | ਇਸ ਦੌਰਾਨ ਕਿਸਾਨ ਯੂਨੀਅਨ ਨਡਾਲਾ ਦਾ ਇਕ ਵਫ਼ਦ ਬਿਜਲੀ ਦਫ਼ਤਰ ਨਡਾਲਾ ਪੁੱਜੇ ਤੇ ਐੱਸ.ਡੀ.ਓ. ਨਾ ਹੋਣ ਦੀ ਸੂਰਤ ਵਿਚ ਜੇ.ਈ. ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਜੇ.ਈ. ਨੇ ਦੱਸਿਆ ਬੇਗੋਵਾਲ ਰੋਡ ਤੇ ਬਿਜਲੀ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਇਹ ਮੁਸ਼ਕਿਲ ਆਈ ਹੈ ਤੇ ਅਗਲੇ 3-4 ਦਿਨ ਇਹ ਦਿੱਕਤ ਰਹਿ ਸਕਦੀ ਹੈ ਪਰ ਯੂਨੀਅਨ ਨੇ ਜ਼ੋਰ ਦੇ ਕੇ ਕਿਹਾ ਹੋਰ ਬਦਲਵੇਂ ਪ੍ਰਬੰਧ ਕਰਕੇ ਬਿਜਲੀ ਦਾ ਕੰਮ ਕੀਤਾ ਜਾਵੇ ਤੇ ਨਡਾਲੇ ਦੀ ਬਿਜਲੀ ਸਪਲਾਈ ਬਹਾਲ ਰੱਖੀ ਜਾਵੇ | ਜੇ.ਈ. ਰਜਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਇਸ ਤਰ੍ਹਾਂ ਨਹੀਂ ਹੋਵੇਗਾ | ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ, ਇੰਦਰਜੀਤ ਸਿੰਘ ਖੱਖ, ਗੁਰਨਾਮ ਸਿੰਘ ਮੁਲਤਾਨੀ, ਰਘਵਿੰਦਰ ਸਿੰਘ ਸਾਹੀ ਅਤੇ ਹੋਰ ਹਾਜ਼ਰ ਸਨ |