ਕਪੂਰਥਲਾ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਹਿੰਦੂ ਕੰਨਿਆ ਕਾਲਜ ਤੇ ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ ਦੇ ਐਨ.ਐੱਸ.ਐੱਸ. ਯੂਨਿਟ ਵਲੋਂ ਪਿੰਡ ਕਾਂਜਲੀ ਤੇ ਰੂਪਨਪੁਰ 'ਚ 7 ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ ਗਿਆ ਜਿਸ ਵਿਚ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਤੇ ਪਿੰਡ ਕਾਂਜਲੀ ਦੇ ਸਰਪੰਚ ਜਸਵੀਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਤੋਂ ਦੀਪਿਕਾ ਧੀਮਾਨ ਨੇ ਵਿਗਿਆਪਨਾਂ ਨੂੰ ਕੈਨਵਾ ਦੀ ਵਰਤੋਂ ਕਰਕੇ ਬਣਾਉਣ ਦਾ ਤਰੀਕਾ ਦੱਸਿਆ ਤੇ ਬਾਅਦ ਵਿਚ ਆਫ਼ਤਾਂ ਪ੍ਰਬੰਧਨ ਸੰਬੰਧੀ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ. ਪੁਨੀਤ ਪੁਰੀ ਮੁਖੀ ਜਿਆਲੋਜੀ ਵਿਭਾਗ ਡੀ.ਏ.ਵੀ. ਕਾਲਜ ਜਲੰਧਰ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਉਨ੍ਹਾਂ ਪਿੰਡ ਵਾਸੀਆਂ ਤੇ ਐਨ.ਐੱਸ.ਐੱਸ. ਵਲੰਟੀਅਰ ਨੂੰ ਕੁਦਰਤੀ ਅਤੇ ਮਨੁੱਖ ਦੁਆਰਾ ਆਪ ਸਹੇੜੀਆਂ ਆਫ਼ਤਾਂ ਬਾਰੇ ਜਾਣਕਾਰੀ ਦਿੱਤੀ ਤੇ ਇਨ੍ਹਾਂ ਆਫ਼ਤਾਂ ਤੋਂ ਬਚਣ ਲਈ ਸੁਝਾਅ ਵੀ ਦਿੱਤੇ | ਕੈਂਪ ਦੌਰਾਨ ਐਨ.ਐੱਸ.ਐੱਸ. ਵਲੰਟੀਅਰ ਨੇ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਇਸ ਮੁਹਿੰਮ ਦੌਰਾਨ ਉਨ੍ਹਾਂ ਪਿੰਡ ਦੀਆਂ ਬਜ਼ੁਰਗ ਔਰਤਾਂ ਨੂੰ ਦਸਤਖ਼ਤ ਕਰਨ ਤੇ ਆਪਣਾ ਪਤਾ ਲਿਖਣ ਦਾ ਤਰੀਕਾ ਵੀ ਦੱਸਿਆ | ਪ੍ਰੋਗਰਾਮ ਅਫ਼ਸਰ ਡਾ. ਜੋਤੀ ਤੇ ਡਾ. ਸੁਵਿਤ ਦਾਸ ਨੇ ਐਨ.ਐੱਸ.ਐੱਸ. ਦੇ ਉਦੇਸ਼, ਲਾਭ ਤੇ ਵਲੰਟੀਅਰ ਦੀਆਂ ਸਮਾਜਿਕ ਜ਼ਿੰਮੇਵਾਰੀਆਂ, ਰਿਸੋਰਸ ਪਰਸਨ ਸਿਸਟਰ ਨੇਹਾ ਅਭਿਆਸੀ ਰਾਜ ਯੋਗ ਨੇ ਮੋਬਾਈਲ ਦੀ ਵੱਧ ਵਰਤੋਂ ਦੇ ਮਾਨਸਿਕ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵ, ਸਟੇਟ ਬੈਂਕ ਆਫ ਇੰਡੀਆ ਦੇ ਚੀਫ਼ ਮੈਨੇਜਰ ਉਮੇਸ਼ ਕੁਮਾਰ ਵਲੋਂ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਕੈਂਪ ਦੇ ਸਮਾਪਤੀ ਸਮਾਗਮ ਵਿਚ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਾ ਸੇਵਾਵਾਂ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਜਸਪਾਲ ਸਿੰਘ ਤੇ ਡਾ. ਕੁਲਵਿੰਦਰ ਕੌਰ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਂਜਲੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਮਨਜੀਤ ਸਿੰਘ, ਲਖਵਿੰਦਰ ਸਿੰਘ, ਕੁਲਵਿੰਦਰ ਕੌਰ, ਰੀਨਾ ਸਲੋਟਾ, ਅਜੈਦੀਪ ਕੌਰ, ਦਿਲਪ੍ਰੀਤ ਕੌਰ ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ |