ਕਪੂਰਥਲਾ, 1 ਜਨਵਰੀ (ਸਡਾਨਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਬੇਅੰਤ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਪੁਰਾਣੀ ਸਬਜ਼ੀ ਮੰਡੀ ਵਿਖੇ ਸਾਲਾਨਾ ਬਾਲ ਕਵੀ ਦਰਬਾਰ ਤੇ ਕਵਿਤਾ ਮੁਕਾਬਲੇ ਕਰਵਾਏ ਗਏ। ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਉੱਦਮ ਨਾਲ ਕਰਵਾਏ ਗਏ ਕਵਿਤਾ ਮੁਕਾਬਲਿਆਂ ਦੌਰਾਨ ਵੱਖ-ਵੱਖ ਉਮਰ ਵਰਗ ਨਾਲ ਸਬੰਧਿਤ 140 ਬੱਚਿਆਂ ਨੇ ਭਾਗ ਲਿਆ ਅਤੇ ਭਾਗ ਲੈਣ ਵਾਲੇ ਹਰ ਬੱਚੇ ਨੂੰ ਪ੍ਰਬੰਧਕਾਂ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਵਿਤਾ ਮੁਕਾਬਲੇ ਦੌਰਾਨ 6 ਤੋਂ 9 ਸਾਲ 10 ਤੋਂ 13 ਸਾਲ ਅਤੇ 14 ਤੋਂ 17 ਸਾਲ ਦੇ ਬੱਚਿਆਂ ਦੇ ਕਵਿਤਾ ਮੁਕਾਬਲੇ ਹੋਏ, ਜਿਸ ਵਿਚ ਬੱਚਿਆਂ ਨੇ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸਬੰਧਿਤ ਬਹੁਤ ਹੀ ਸੁੰਦਰ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਜੇਤੂ ਬੱਚਿਆਂ ਨੂੰ ਆਕਰਸ਼ਿਕ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਨੂੰ ਧਾਰਮਿਕ ਸਾਹਿਤ ਵੀ ਵੰਡਿਆ ਗਿਆ। ਸਮਾਗਮ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਜਨੳਰੀ ਨੂੰ ਦੁਪਹਿਰ 12 ਵਜੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾ ਰਿਹਾ ਹੈ ਤੇ ਅੰਮ੍ਰਿਤ ਅਭਿਲਾਖੀ ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਤੇ ਸਟੇਟ ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਮੋਹਕਮ ਸਿੰਘ ਨਾਲ ਵੀ ਸੰਪਰਕ ਕਰ ਸਕਦੇ ਹਨ ਤੇ ਅੰਮ੍ਰਿਤ ਅਭਿਲਾਖੀਆਂ ਨੂੰ ਪ੍ਰਬੰਧਕਾਂ ਵਲੋਂ ਕਕਾਰ ਭੇਟਾਂ ਰਹਿਤ ਦਿੱਤੇ ਜਾਣਗੇ। ਸਮਾਗਮ ਦੌਰਾਨ ਤਪ ਅਸਥਾਨ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਬੱਬਰ, ਜਥੇ. ਜਸਵਿੰਦਰ ਸਿੰਘ ਬੱਤਰਾ, ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ, ਵਰਿਆਮ ਸਿੰਘ ਕਪੂਰ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਰਸ਼ਪਾਲ ਸਿੰਘ ਸਿਟੀ ਕੇਬਲ, ਜਸਬੀਰ ਸਿੰਘ ਰਾਣਾ, ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ ਬੱਬਲੂ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਹਰਬੰਸ ਸਿੰਘ ਬੱਤਰਾ, ਮਨਜੀਤ ਸਿੰਘ, ਬੋਹੜ ਸਿੰਘ, ਨਿਰਮਲ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।