ਸੁਲਤਾਨਪੁਰ ਲੋਧੀ, 2 ਜਨਵਰੀ (ਨਰੇਸ਼ ਹੈਪੀ, ਥਿੰਦ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ 6 ਤੋਂ 9 ਜਨਵਰੀ 2026 ਤੱਕ ਹੋਣ ਜਾ ਰਹੀ 14ਵੀਂ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਿਚ ਪੰਜਾਬ ਦੀ ਟੀਮ ਪ੍ਰਬੰਧਕਾਂ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਈ | ਪੰਜਾਬ ਦੇ ਖਿਡਾਰੀਆਂ ਨਾਲ ਹੋਏ ਵੱਡਾ ਖਿਲਵਾੜ ਦਾ ਮਾਮਲਾ ਸਾਹਮਣੇ ਆਇਆ ਹੈ | ਪੰਜਾਬ ਟੀਮ ਚੁਣਨ ਵਾਸਤੇ ਰੋਪੜ ਵਿਚ 22 ਤੋਂ 24 ਦਸੰਬਰ 2025 ਨੂੰ ਟਰਾਇਲ ਰੱਖੇ ਗਏ ਸਨ | ਜਾਣਕਾਰੀ ਅਨੁਸਾਰ ਇਹ ਟਰਾਇਲ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਇਹਨਾਂ ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ ਅਤੇ ਪੰਜਾਬ ਦੀ ਟੀਮ ਨੂੰ ਇਸ ਚੈਂਪੀਅਨਸ਼ਿਪ ਵਿਚ ਭੇਜਣ ਦੀ ਸਿਫ਼ਾਰਸ਼ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ਟਰਾਇਲ ਰੱਦ ਕਰਨ ਲਈ ਜ਼ੰੁਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਟਰਾਇਲ ਤੋਂ ਵਾਪਸ ਪਰਤੇ ਖਿਡਾਰੀਆਂ ਅਤੇ ਕੋਚਾਂ ਮੁਤਾਬਿਕ ਅਜੇ ਵੀ ਪੰਜਾਬ ਟੀਮ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਜਾ ਸਕਦੀ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਕਿਸ਼ਤੀਆਂ ਦੇ ਕੋਚ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਕੁਝ ਕਾਰਨਾਂ ਕਰਕੇ ਪੰਜਾਬ ਦੀ ਟੀਮ ਕੌਮੀ ਮੁਕਾਬਲਿਆਂ ਵਿਚ ਹਿੱਸਾ ਨਹੀਂ ਲੈ ਰਹੀ | ਸੁਲਤਾਨਪੁਰ ਲੋਧੀ ਵਿਚ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਬਹੁਤ ਹੀ ਸਖ਼ਤ ਅਭਿਆਸ ਕਰਵਾਇਆ ਸੀ ਪਰ ਜਦੋਂ ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 150-200 ਖਿਡਾਰੀ ਆਪਣੇ ਖ਼ਰਚੇ 'ਤੇ ਰੋਪੜ ਪਹੁੰਚੇ ਉੱਥੇ ਨਾ ਟਰਾਇਲ ਹੋਏ ਤੇ ਨਾ ਹੀ ਕੋਈ ਅਗਲੀ ਤਾਰੀਖ ਦਿੱਤੀ ਗਈ | ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮਾਮਲੇ 'ਚ ਕੋਈ ਵੀ ਸੰਬੰਧਿਤ ਅਧਿਕਾਰੀ ਜਾਂ ਫੈਡਰੇਸ਼ਨ ਜ਼ੰੁਮੇਵਾਰੀ ਲੈਣ ਨੂੰ ਤਿਆਰ ਨਹੀਂ | ਸੰਤ ਸੀਚੇਵਾਲ ਵੱਲੋਂ ਜਦੋਂ ਅਧਿਕਾਰੀਆਂ ਨਾਲ ਇਸ ਬਾਬਤ ਫ਼ੋਨ 'ਤੇ ਗੱਲ ਕੀਤੀ ਗਈ ਤਾਂ ਉਹ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕੇ | ਪ੍ਰਬੰਧਕਾਂ ਦੀ ਇਸ ਲਾਪਰਵਾਹੀ ਤੋਂ ਪੰਜਾਬ ਭਰ ਦੇ ਖਿਡਾਰੀਆਂ ਵਿਚ ਨਿਰਾਸ਼ਾ ਦਾ ਆਲਮ ਦੱਸਿਆ ਜਾ ਰਿਹਾ ਹੈ | ਕੋਚ ਖਹਿਰਾ ਨੇ ਦੱਸਿਆ ਕਿ ਇਹੋ ਖਿਡਾਰੀ 13ਵੀਂ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ (ਦਿੱਲੀ) ਵਿਚ ਪੰਜਾਬ ਲਈ 5 ਸੋਨੇ, 8 ਚਾਂਦੀ ਤੇ 10 ਕਾਂਸੀ ਦੇ ਤਮਗੇ ਜਿੱਤ ਕੇ ਓਵਰ ਆਲ ਦੂਜੇ ਸਥਾਨ 'ਤੇ ਰਹੇ ਸਨ | ਇਸ ਵਾਰ ਵੀ ਖਿਡਾਰੀਆਂ ਨੇ ਠੰਢ 'ਚ ਪਾਣੀ ਵਿਚ ਉਤਰ ਕੇ ਸਖ਼ਤ ਅਭਿਆਸ ਕੀਤਾ ਸੀ ਪਰ ਹੁਣ ਟੀਮ ਨਾ ਜਾਣ ਦੇ ਡਰ ਨਾਲ ਰੋਸ ਤੇ ਨਿਰਾਸ਼ਾ ਫੈਲੀ ਹੋਈ ਹੈ |