ਕਪੂਰਥਲਾ, 3 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਅਮਰੀਕਾ ਵਲੋਂ ਵੈਨੇਜ਼ੁਏਲਾ ਦੇ ਲੋਕਾਂ 'ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਅੱਜ ਸਵੇਰ ਦੀ ਸ਼ੁਰੂਆਤ ਹੁੰਦਿਆਂ ਹੀ ਟਰੰਪ ਪ੍ਰਸ਼ਾਸਨ ਨੇ ਵੈਨੇਜ਼ੁਏਲਾ ਦੇ ਲੋਕਾਂ ਵਿਰੁੱਧ ਇਕ ਅਪਰਾਧਿਕ ਜੰਗ ਛੇੜ ਦਿੱਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਕੈਦ ਕਰਕੇ ਵੈਨੇਜ਼ੁਏਲਾ ਤੋਂ ਬਾਹਰ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਜੰਗ ਸਿਰਫ਼ ਵੈਨੇਜ਼ੁਏਲਾ ਦੇ ਖਿਲਾਫ਼ ਨਹੀਂ ਸਗੋਂ ਇਹ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਲਈ ਖੁੱਲ੍ਹਾ ਖ਼ਤਰਾ ਹੈ, ਜੋ ਸਾਮਰਾਜੀ ਹੁਕਮਾਂ ਤੋਂ ਆਜ਼ਾਦ ਹੋ ਕੇ ਆਪਣਾ ਭਵਿੱਖ ਆਪ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਵੈਨੇਜ਼ੁਏਲਾ ਦੇ ਲੋਕਾਂ ਖਿਲਾਫ਼ ਜੰਗ ਦਾ ਮੰਤਵ ਅਮਰੀਕੀ ਸਹਾਇਕ ਉਪ ਨਿਵੇਸ਼ੀ ਪ੍ਰਬੰਧ ਲਾਗੂ ਕਰਨਾ ਹੈ ਤੇ ਇਸ ਦਾ ਇਕ ਹੋਰ ਮੰਤਵ ਬੋਲੀਵੀਆਈ ਕ੍ਰਾਂਤੀ ਨੂੰ ਕੁਚਲਨਾ ਹੈ | ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਇਸ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਹਮਲੇ ਦਾ ਵਿਰੋਧ ਕਰਨ ਲਈ ਆਉਂਦੇ ਦਿਨਾਂ 'ਚ ਪ੍ਰੋਗਰਾਮ ਉਲੀਕੇਗੀ |